ਆਸਟ੍ਰੇਲੀਆ, ਕੈਨੇਡਾ ਸਮੇਤ 4 ਦੇਸ਼ਾਂ ਲਈ ਬ੍ਰਾਜ਼ੀਲ ਨੇ ਬਦਲੇ ਵੀਜ਼ਾ ਨਿਯਮ

Wednesday, Jun 19, 2019 - 04:10 PM (IST)

ਆਸਟ੍ਰੇਲੀਆ, ਕੈਨੇਡਾ ਸਮੇਤ 4 ਦੇਸ਼ਾਂ ਲਈ ਬ੍ਰਾਜ਼ੀਲ ਨੇ ਬਦਲੇ ਵੀਜ਼ਾ ਨਿਯਮ

ਬ੍ਰਾਸੀਲੀਆ (ਬਿਊਰੋ)— ਬ੍ਰਾਜ਼ੀਲ ਨੇ ਅਮਰੀਕਾ, ਕੈਨੇਡਾ, ਜਾਪਾਨ ਅਤੇ ਆਸਟ੍ਰੇਲੀਆ ਲਈ ਵੀਜ਼ਾ ਨਿਯਮਾਂ ਵਿਚ ਵੱਡੀ ਤਬਦੀਲੀ ਕੀਤੀ ਹੈ। ਇਸ ਤਬਦੀਲੀ ਦੇ ਮੱਦੇਨਜ਼ਰ ਹੁਣ ਇਨ੍ਹਾਂ ਦੇਸ਼ਾਂ ਦੇ ਲੋਕਾਂ ਨੂੰ ਬ੍ਰਾਜ਼ੀਲ ਜਾਣ ਲਈ ਵੀਜ਼ਾ ਦੀ ਲੋੜ ਨਹੀਂ ਹੋਵੇਗੀ। ਨਵੇਂ ਨਿਯਮ ਸੋਮਵਾਰ ਤੋਂ ਪ੍ਰਭਾਵੀ ਹੋਣਗੇ। ਇਨ੍ਹਾਂ ਚਾਰੇ ਦੇਸ਼ਾਂ ਦੇ ਸੈਲਾਨੀ ਇਕ ਕਾਨੂੰਨੀ ਪਾਸਪੋਰਟ ਨਾਲ 90 ਦਿਨਾਂ ਤੱਕ ਬ੍ਰਾਜ਼ੀਲ ਵਿਚ ਘੁੰਮ ਸਕਦੇ ਹਨ। ਚੰਗੀ ਗੱਲ ਇਹ ਹੈ ਕਿ ਉਹ ਇਸ ਮਿਆਦ ਨੂੰ 180 ਦਿਨ ਤੱਕ ਵਧਾ ਸਕਦੇ ਹਨ ਪਰ ਇਸ ਲਈ ਉਨ੍ਹਾਂ ਨੂੰ ਫੈਡਰਲ ਪੁਲਸ ਤੋਂ ਇਜਾਜ਼ਤ ਲੈਣੀ ਹੋਵੇਗੀ। 

ਇਹ ਨਵਾਂ ਨਿਯਮ ਹਾਲ ਹੀ ਵਿਚ ਲਾਗੂ ਹੋਇਆ ਹੈ। ਇਸ ਕਦਮ ਦਾ ਐਲਾਨ ਮਾਰਚ ਵਿਚ ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਏਰ ਬੋਲਸਨਾਰੋ ਵੱਲੋਂ ਵ੍ਹਾਈਟ ਹਾਊਸ ਦੀ ਅਧਿਕਾਰਕ ਯਾਤਰਾ ਤੋਂ ਪਹਿਲਾਂ ਕੀਤਾ ਗਿਆ ਸੀ। ਇਸ ਐਲਾਨ ਦੇ ਪਿੱਛੇ ਬ੍ਰਾਜ਼ੀਲ ਦਾ ਉਦੇਸ਼ ਸੈਲਾਨੀਆਂ ਦੀ ਗਿਣਤੀ ਵਧਾਉਣਾ ਹੈ। ਐਲਾਨ ਦੇ ਬਾਅਦ ਤੋਂ ਹੀ ਬ੍ਰਾਜ਼ੀਲ ਵਿਚ ਇਨ੍ਹਾਂ ਚਾਰੇ ਦੇਸ਼ਾਂ ਦੇ ਸੈਲਾਨੀਆਂ ਦੀ ਗਿਣਤੀ ਵਧੀ ਹੈ।

ਇਸ ਨਵੇਂ ਐਲਾਨ ਦੇ ਬਾਅਦ ਮਾਰਚ ਵਿਚ ਆਸਟ੍ਰੇਲੀਆ ਤੋਂ ਬ੍ਰਾਜ਼ੀਲ ਦੀਆਂ ਉਡਾਣਾਂ ਲਈ ਸਰਚ ਪਿਛਲੇ ਸਾਲ ਦੀ ਤੁਲਨਾ ਵਿਚ 36 ਫੀਸਦੀ ਜ਼ਿਆਦਾ ਸੀ। ਇਸੇ ਤਰ੍ਹਾਂ ਅਮਰੀਕੀ ਲੋਕਾਂ ਨੇ ਵੀ ਬ੍ਰਾਜ਼ੀਲ ਲਈ 31 ਫੀਸਦੀ ਜ਼ਿਆਦਾ ਫਲਾਈਟਾਂ ਸਰਚ ਕੀਤੀਆਂ। ਅਮਰੀਕੀ ਏਅਰਲਾਈਨਜ਼ ਵਿਚ ਕਾਰਪੋਰੇਟ ਸੰਚਾਰ ਦੇ ਨਿਦੇਸ਼ਕ ਮਾਰਥਾ ਪੈਂਟਿਨ ਨੇ ਅਮਰੀਕੀ, ਕੈਨੇਡੀਅਨ, ਜਾਪਾਨੀ ਅਤੇ ਆਸਟ੍ਰੇਲੀਆਈ ਲੋਕਾਂ ਲਈ ਬ੍ਰਾਜ਼ੀਲ ਵਿਚ ਬਿਨਾਂ ਵੀਜ਼ਾ ਦੇ ਯਾਤਰਾ ਕਰਨ ਦੀ ਮਨਜ਼ੂਰੀ ਦੇਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ।


author

Vandana

Content Editor

Related News