ਜਨਮ ਦੇ ਬਾਅਦ ਬੱਚੀ ਨੇ ਡਾਕਟਰ ਨੂੰ ''ਘੂਰ'' ਕੇ ਦੇਖਿਆ, ਤਸਵੀਰ ਵਾਇਰਲ
Sunday, Feb 23, 2020 - 11:19 AM (IST)

ਰਿਓ ਡੀ ਜੇਨੇਰੀਓ (ਬਿਊਰੋ): ਬੱਚੇ ਨੂੰ ਜਨਮ ਦੇਣ ਸਮੇਂ ਮਾਂ ਦੇ ਨਾਲ-ਨਾਲ ਇਕ ਡਾਕਟਰ ਲਈ ਵੀ ਇਕ ਨਵਾਂ ਅਨੁਭਵ ਹੁੰਦਾ ਹੈ।ਇਸੇ ਤਰ੍ਹਾਂ ਦੇ ਇਕ ਸ਼ਾਨਦਾਰ ਅਨੁਭਵ ਦਾ ਅਹਿਸਾਸ ਬ੍ਰਾਜ਼ੀਲ ਦੇ ਡਾਕਟਰ ਨੂੰ ਹੋਇਆ। ਜ਼ਿਆਦਾਤਰ ਡਾਕਟਰ ਜਨਮ ਦੇ ਬਾਅਦ ਨਵਜੰਮੇ ਬੱਚੇ ਨੂੰ ਰਵਾਉਂਦੇ ਹਨ। ਇਹ ਦਰਸਾਉਂਦਾ ਹੈ ਕਿ ਬੱਚਾ ਸਿਹਤਮੰਦ ਹੈ ਅਤੇ ਉਸ ਦੇ ਫੇਫੜੇ ਕੰਮ ਕਰ ਰਹੇ ਹਨ। ਬ੍ਰਾਜ਼ੀਲ ਵਿਚ ਰਿਓ ਡੀ ਜੇਨੇਰੀਓ ਦੇ ਇਕ ਹਸਪਤਾਲ ਵਿਚ 13 ਫਰਵਰੀ ਨੂੰ ਇਕ ਬੱਚੀ ਦਾ ਜਨਮ ਹੋਇਆ ਪਰ ਉਹ ਰੋਈ ਨਹੀਂ। ਇੰਨਾ ਹੀ ਨਹੀਂ ਗਰਭਨਾਲ ਕੱਟਣ ਤੋਂ ਪਹਿਲਾਂ ਉਹ ਡਾਕਟਰ ਨੂੰ ਗੁੱਸੇ ਨਾਲ ਘੂਰਦੀ ਦਿੱਸੀ। ਭਾਵੇਂਕਿ ਗਰਭਨਾਲ ਕੱਟਣ ਤੋਂ ਬਾਅਦ ਉਹ ਰੋਣ ਲੱਗੀ।
ਇਸ ਨੂੰ ਲੈ ਕੇ ਡਾਕਟਰ ਨੇ ਕਿਹਾ,''ਇਹ ਇਕ ਅਦਭੁੱਤ ਪਲ ਸੀ।'' ਬੱਚੀ ਦਾ ਜਨਮ ਸਿਜੇਰੀਅਨ ਸੈਕਸ਼ਨ ਜ਼ਰੀਏ ਹੋਇਆ ਸੀ। ਮਾਤਾ-ਪਿਤਾ ਨੇ ਬੱਚੀ ਦਾ ਨਾਮ ਈਸਾਬੇਲਾ ਪਰੇਰਾ ਡੀ ਜੀਸਸ ਰੱਖਿਆ ਹੈ।ਈਸਾਬੇਲਾ ਦਾ ਜਨਮ 20 ਤਰੀਕ ਨੂੰ ਹੋਣਾ ਸੀ ਪਰ ਉਹ ਸਮੇਂ ਤੋਂ ਪਹਿਲਾਂ ਪੈਦਾ ਹੋ ਗਈ।
ਈਸਾਬੇਲਾ ਦੀ ਮਾਂ ਡਿਯਾਨੇ ਡੀ ਜੀਸਸ ਬਾਰਬੋਸਾ ਨੇ ਉਸ ਦੇ ਜਨਮ ਦੀਆਂ ਤਸਵੀਰਾਂ ਲੈਣ ਲਈ ਸਥਾਨਕ ਪੇਸ਼ੇਵਰ ਫੋਟੋਗ੍ਰਾਫਰ ਰੋਡਰੀਗੋ ਕੁਨਸਟਮਨ ਨੂੰ ਹਾਇਰ ਕੀਤਾ ਸੀ।
ਫੋਟੋਗ੍ਰਾਫਰ ਕੁਨਸਟਮਨ ਨੇ ਦੱਸਿਆ,''ਬੱਚੀ ਨੇ ਅੱਖਾਂ ਖੋਲ੍ਹੀਆਂ ਪਰ ਰੋਈ ਨਹੀਂ। ਡਾਕਟਰ ਨੂੰ ਵੀ ਕਹਿਣਾ ਪਿਆ ਈਸਾ ਰੋਵੋ। ਇਸ 'ਤੇ ਈਸਾ ਨੇ ਗੰਭੀਰ ਮੁਦਰਾ ਦਿਖਾਈ।'' ਕੁਨਸਟਮਨ ਨੇ ਆਪਣੇ ਫੇਸਬੁੱਕ ਪੇਜ 'ਤੇ ਇਸ ਅਨਮੋਲ ਪਲ ਸਬੰਧੀ 10 ਤਸਵੀਰਾਂ ਦੀ ਇਕ ਲੜੀ ਸ਼ੇਅਰ ਕੀਤੀ ਹੈ ਜਿਸ ਵਿਚ ਬੱਚੀ ਦਾ ਪਹਿਲੀ ਵਾਰ ਰੋਣਾ ਵੀ ਸ਼ਾਮਲ ਹੈ। ਬੱਚੀ ਦੀ ਮਾਂ ਡਿਯਾਨਾ ਨੇ ਕਿਹਾ ਕਿ ਮੇਰੀ ਬੱਚੀ ਬਹਾਦੁਰ ਪੈਦਾ ਹੋਈ। ਡਿਯਾਨਾ ਮੁਤਾਬਕ ਈਸਾ ਡਾਇਪਰ ਬਦਲਣ ਅਤੇ ਨਰਸਿੰਗ ਸਮੇਂ ਆਪਣੇ ਮੱਥੇ 'ਤੇ ਝੁਰੜੀਆਂ ਪਾਉਂਦੀ ਹੈ।