ਬ੍ਰਾਜ਼ੀਲ ''ਚ ਬਾਬੇ ਦਾ ਹੋਇਆ ਪਰਦਾਫਾਸ਼

12/09/2018 9:34:27 AM

ਬ੍ਰਾਸੀਲੀਆ (ਭਾਸ਼ਾ)— ਬ੍ਰਾਜ਼ੀਲ ਵਿਚ ਕਈ ਔਰਤਾਂ ਨੇ ਮਸ਼ਹੂਰ ਰੂਹਾਨੀ ਬਾਬੇ 'ਤੇ ਤਣਾਅ ਅਤੇ ਹੋਰ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ਦੇ ਨਾਮ 'ਤੇ ਯੌਨ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਹੈ। ਇਸ ਬਾਬੇ ਦਾ ਨਾਮ ਜੋਆਓ ਟੈਕਜੀਰੀਆ ਡੀ ਫਾਰੀਆ (76) ਹੈ, ਜਿਸ ਨੂੰ 'ਜੋਆਓ ਡੀ ਡਿਅਸ' (ਜੋਆਓ ਆਫ ਗੌਡ) ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਡਚ ਕੋਰੀਓਗ੍ਰਾਫਰ ਜ਼ਾਹਿਰਾ ਲੀਨੇਕੇ ਮਾਊਸ ਅਤੇ ਬ੍ਰਾਜ਼ੀਲ ਦੀਆਂ 9 ਹੋਰ ਔਰਤਾਂ ਨੇ ਬਾਬੇ 'ਤੇ ਦੋਸ਼ ਲਗਾਏ ਹਨ ਕਿ ਬਾਬਾ ਉਨ੍ਹਾਂ ਨੂੰ ਮੁਸੀਬਤ ਤੋਂ ਕੱਢਣ ਦੇ ਨਾਮ 'ਤੇ ਉਨ੍ਹਾਂ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ। ਉਹ ਕਹਿੰਦਾ ਸੀ ਕਿ ਉਸ ਦੀ ਸਾਫ ਊਰਜਾ ਨੂੰ ਉਨ੍ਹਾਂ ਤੱਕ ਪਹੁੰਚਾਉਣ ਦਾ ਇਹੀ ਇਕੋ ਇਕ ਰਸਤਾ ਹੈ। 

ਜ਼ਾਹਿਰਾ ਨੂੰ ਛੱਡ ਕੇ ਦੋਸ਼ ਲਗਾਉਣ ਵਾਲੀਆਂ ਹੋਰ ਔਰਤਾਂ ਹਾਲੇ ਖੁੱਲ੍ਹ ਕੇ ਸਾਹਮਣੇ ਨਹੀਂ ਆਈਆਂ ਹਨ। ਜ਼ਾਹਿਰਾ ਨੇ ਗਲੋਬੋ ਟੀ.ਵੀ. ਨੈੱਟਵਰਕ ਦੇ ਇਕ ਪ੍ਰੋਗਰਾਮ ਵਿਚ ਸ਼ੁੱਕਰਵਾਰ ਰਾਤ ਇਹ ਖੁਲਾਸਾ ਕੀਤਾ। ਉਸ ਨੇ ਬਾਬੇ 'ਤੇ ਬਲਾਤਕਾਰ ਕਰਨ ਦਾ ਵੀ ਦੋਸ਼ ਲਗਾਇਆ। ਨੈੱਟਵਰਕ ਨਾਲ ਸਬੰਧਤ ਇਕ ਸਮਾਚਾਰ ਏਜੰਸੀ ਨੇ ਆਪਣੀ ਇਕ ਰਿਪੋਰਟ ਵਿਚ ਕਿਹਾ ਕਿ ਉਸ ਨੇ 2 ਹੋਰ ਔਰਤਾਂ ਨਾਲ ਵੀ ਗੱਲ ਕੀਤੀ ਅਤੇ ਉਨ੍ਹਾਂ ਨੇ ਵੀ ਬਾਬੇ 'ਤੇ ਇਹੀ ਦੋਸ਼ ਲਗਾਏ ਹਨ। ਇਸ ਮਗਰੋਂ ਦੋਸ਼ ਲਗਾਉਣ ਵਾਲੀਆਂ ਔਰਤਾਂ ਦੀ ਗਿਣਤੀ ਵਧ ਕੇ 12 ਹੋ ਗਈ ਹੈ। 

ਸਾਰੀਆਂ ਔਰਤਾਂ ਦਾ ਕਹਿਣਾ ਹੈ ਕਿ ਇਹ ਘਟਨਾਵਾਂ ਸਾਲ 2010 ਤੋਂ ਸਾਲ 2018 ਦੀ ਸ਼ੁਰੂਆਤ ਤੱਕ  ਫਾਰੀਆ ਦੇ 'ਸਿਪਰਿਚੁਅਲ ਹਸਪਤਾਲ' ਵਿਚ ਹੋਈਆਂ। ਇਹ ਹਸਪਤਾਲ ਰਾਜਧਾਨੀ ਬ੍ਰਾਸੀਲੀਆ ਦੇ ਨੇੜੇ ਅਬਾਦਿਆਨੀਆ ਸ਼ਹਿਰ ਵਿਚ ਹੈ। ਉੱਧਰ ਸਮਾਚਾਰ ਏਜੰਸੀ ਦੀ ਵੈਬਸਾਈਟ ਨੇ ਫਾਰੀਆ ਦਾ ਪ੍ਰੈੱਸ ਸਰਵਿਸ ਵੱਲੋਂ ਜਾਰੀ ਇਕ ਬਿਆਨ ਆਪਣੀ ਵੈਬਸਾਈਟ 'ਤੇ ਪਾਇਆ ਹੈ। ਇਸ ਵਿਚ ਲਿਖਿਆ ਹੈ ਕਿ ਉਨ੍ਹਾਂ ਨੇ ਬੀਤੇ 44 ਸਾਲਾਂ ਵਿਚ ਆਪਣੀ ਸ਼ਕਤੀਆਂ ਦੀ ਵਰਤੋਂ ਹਜ਼ਾਰਾਂ ਲੋਕਾਂ ਦੇ ਇਲਾਜ ਲਈ ਕੀਤੀ ਹੈ ਅਤੇ ਉਹ ਇਲਾਜ ਦੌਰਾਨ ਕਿਸੇ ਵੀ ਤਰ੍ਹਾਂ ਦਾ ਗਲਤ ਕੰਮ ਕਰਨ ਦੇ ਦੋਸ਼ਾਂ ਨੂੰ ਰੱਦ ਕਰਦੇ ਹਨ। ਗੌਰਤਲਬ ਹੈ ਕਿ ਫਾਰੀਆ ਦਾ ਨਾਮ ਸਿਰਫ ਬ੍ਰਾਜ਼ੀਲ ਵਿਚ ਹੀ ਨਹੀਂ ਸਗੋਂ ਅਮਰੀਕਾ, ਯੂਰਪ ਅਤੇ ਆਸਟ੍ਰੇਲੀਆ ਵਿਚ ਵੀ ਉਸ ਦੇ ਚੇਲੇ ਹਨ।

ਅਮਰੀਕੀ ਟੀ.ਵੀ. ਸ਼ਖਸੀਅਤ ਓਪਰਾ ਵਿਨਫ੍ਰੇ ਨੇ ਵੀ ਇਸ ਬਾਬੇ ਦੇ ਕਥਿਤ ਚਮਤਕਾਰਾਂ ਨੂੰ ਦੇਖਣ ਲਈ ਸਾਲ 2013 ਵਿਚ ਉਸ ਨਾਲ ਮੁਲਾਕਾਤ ਕੀਤੀ ਸੀ। ਕਈ ਟੀ.ਵੀ ਚੈਨਲਾਂ ਨੇ ਬਾਬੇ ਦੇ ਇਲਾਜ ਸਬੰਧੀ ਦਾਅਵਿਆਂ ਦੀ ਜਾਂਚ ਕੀਤੀ ਹੈ ਅਤੇ ਕੁਝ ਚੈਨਲਾਂ ਨੇ ਉਸ 'ਤੇ ਪਹਿਲਾਂ ਤੋਂ ਲੱਗੇ ਯੌਨ ਸ਼ੋਸ਼ਣ ਦੇ ਦੋਸ਼ਾਂ ਦੇ ਮੁੱਦੇ ਨੂੰ ਵੀ ਚੁੱਕਿਆ ਪਰ ਕਦੇ ਵੀ ਇਸ ਬਾਬਾ 'ਤੇ ਮੁਕੱਦਮਾ ਨਹੀਂ ਚਲਾਇਆ ਗਿਆ।


Vandana

Content Editor

Related News