ਬ੍ਰੇਨ ਸਕੈਨ ਫੜ ਸਕਦੈ ਖੁਦਕੁਸ਼ੀ ਦਾ ਖਿਆਲ
Tuesday, May 14, 2019 - 08:34 PM (IST)

ਵਾਸ਼ਿੰਗਟਨ— ਕੋਈ ਵਿਅਕਤੀ ਖੁਦਕੁਸ਼ੀ ਕਰਨ ਜਾ ਰਿਹਾ ਹੈ, ਕੀ ਇਸ ਗੱਲ ਦਾ ਪਤਾ ਪਹਿਲਾਂ ਤੋਂ ਹੀ ਲਾਇਆ ਜਾ ਸਕਦਾ ਹੈ? ਅਮਰੀਕਾ 'ਚ ਹੋਏ ਇਕ ਅਧਿਐਨ ਦੀ ਮੰਨੀਏ ਤਾਂ ਅਜਿਹਾ ਸੰਭਵ ਹੈ। ਸਟੱਡੀ 'ਚ ਕਿਹਾ ਗਿਆ ਹੈ ਕਿ ਬ੍ਰੇਨ ਸਕੈਨ ਰਾਹੀਂ ਇਹ ਪਤਾ ਲੱਗ ਸਕਦਾ ਹੈ ਕਿ ਕਿਸੇ ਵਿਅਕਤੀ ਨੂੰ ਖੁਦਕੁਸ਼ੀ ਦੇ ਖਿਆਲ ਆ ਰਹੇ ਹਨ ਜਾਂ ਨਹੀਂ।
ਇਸ ਸਟੱਡੀ ਨਾਲ ਜੁੜੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਪੋਸਟ-ਟ੍ਰਾਮੈਟਿਕ ਸਟ੍ਰੈੱਸ ਡਿਸਆਰਡਰ (ਪੀ. ਟੀ.ਐੱਸ.ਡੀ.) ਤੋਂ ਪੀੜਤ ਵਿਅਕਤੀ ਦੇ ਮਨ 'ਚ ਖੁਦਕੁਸ਼ੀ ਦੇ ਆ ਰਹੇ ਵਿਚਾਰ ਨਾਲ ਜੁੜਿਆ ਇਕ ਰਸਾਇਣ ਪਾਇਆ ਗਿਆ ਹੈ। ਆਮ ਲੋਕਾਂ ਦੀ ਤੁਲਨਾ 'ਚ ਪੀ.ਟੀ.ਐੱਸ.ਡੀ. ਤੋਂ ਪੀੜਤ ਵਿਅਕਤੀ 'ਚ ਖੁਦਕੁਸ਼ੀ ਦਾ ਖਤਰਾ ਵਧ ਰਹਿੰਦਾ ਹੈ ਪਰ ਬੇਹੱਦ ਖਤਰੇ ਵਾਲੇ ਵਿਅਕਤੀ ਦੀ ਪਛਾਣ ਮੁਸ਼ਕਲ ਹੈ। ਅਮਰੀਕਾ ਦੀ ਯੇਲ ਯੂਨੀਵਰਸਿਟੀ ਦੇ ਖੋਜਕਾਰਾਂ ਵਲੋਂ ਕੀਤੀ ਗਈ ਖੋਜ ਪ੍ਰੋਸੀਡਿੰਗਸ ਆਫ ਦਿ ਨੈਸ਼ਨਲ ਅਕੈਡਮੀ ਆਫ ਸਾਇੰਸ 'ਚ ਪਬਲਿਸ਼ ਹੋਈ ਹੈ।