ਲੰਡਨ : ਭਾਰਤੀ ਮੂਲ ਦੀ ਵਿਦਿਆਰਥਣ ਦੇ ਕਤਲ ਮਾਮਲੇ 'ਚ ਬੁਆਏਫ੍ਰੈਂਡ ਨੇ ਕਬੂਲ ਕੀਤਾ ਦੋਸ਼

Monday, Jul 03, 2023 - 10:32 AM (IST)

ਲੰਡਨ : ਭਾਰਤੀ ਮੂਲ ਦੀ ਵਿਦਿਆਰਥਣ ਦੇ ਕਤਲ ਮਾਮਲੇ 'ਚ ਬੁਆਏਫ੍ਰੈਂਡ ਨੇ ਕਬੂਲ ਕੀਤਾ ਦੋਸ਼

ਲੰਡਨ (ਭਾਸ਼ਾ)- ਭਾਰਤੀ ਮੂਲ ਦੀ 19 ਸਾਲਾ ਵਿਦਿਆਰਥਣ ਦੇ ਬੁਆਏਫ੍ਰੈਂਡ ਨੇ ਲੰਡਨ ਵਿੱਚ ਆਪਣੀ ਯੂਨੀਵਰਸਿਟੀ ਦੇ ਰਿਹਾਇਸ਼ ’ਤੇ ਪਿਛਲੇ ਸਾਲ ਉਸ ਦਾ ਕਤਲ ਕਰਨ ਦੀ ਗੱਲ ਕਬੂਲੀ ਹੈ ਪਰ ਉਸ ਨੇ ਕਤਲ ਕਰਨ ਦੇ ਇਰਾਦੇ ਤੋਂ ਇਨਕਾਰ ਕੀਤਾ ਹੈ। ਇਸ ਮਗਰੋਂ ਬ੍ਰਿਟੇਨ ਦੀ ਇਕ ਅਦਾਲਤ ਨੇ ਭਾਰਤੀ ਮੂਲ ਦੀ ਵਿਦਿਆਰਥਣ ਸਬਿਤਾ ਥਨਵਾਨੀ ਦੇ ਕਤਲ ਮਾਮਲੇ ਵਿਚ ਉਸ ਦੇ ਟਿਊਨੀਸ਼ੀਅਨ ਮੂਲ ਦੇ ਬੁਆਏਫ੍ਰੈਂਡ ਨੂੰ ਦੋਸ਼ੀ ਠਹਿਰਾਇਆ ਹੈ। ਅਦਾਲਤ ਸਤੰਬਰ ਵਿੱਚ ਦੋਸ਼ੀ ਨੂੰ ਸਜ਼ਾ ਸੁਣਾਏਗੀ। ਦੱਸ ਦੇਈਏ ਕਿ ਮੇਹਰ ਮਾਰੂਫ (23) ਨੇ ਪਿਛਲੇ ਸਾਲ 19 ਮਾਰਚ, 2022 ਨੂੰ ਉੱਤਰੀ ਲੰਡਨ ਦੇ ਕਲਰਕਨਵੈਲ ਇਲਾਕੇ ਵਿੱਚ ਆਪਣੀ ਪ੍ਰੇਮਿਕਾ ਸਬਿਤਾ ਥਨਵਾਨੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਸੀ। ਮੇਹਰ ਮਾਰੂਫ ਨੂੰ ਸ਼ੁੱਕਰਵਾਰ ਨੂੰ ਲੰਡਨ ਦੀ ਬੇਲੀ ਕੋਰਟ 'ਚ ਸੁਣਵਾਈ ਦੌਰਾਨ ਕਤਲ ਦਾ ਦੋਸ਼ੀ ਠਹਿਰਾਇਆ ਗਿਆ।

ਬੇਰਹਿਮੀ ਨਾਲ ਕੀਤਾ ਕਤਲ

ਸਬੀਤਾ ਦੀ ਲਾਸ਼ ਯੂਨੀਵਰਸਿਟੀ ਵੱਲੋਂ ਮੁਹੱਈਆ ਕਰਵਾਏ ਗਏ ਉਸ ਦੇ ਰਿਹਾਇਸ਼ੀ ਕੰਪਲੈਕਸ ਦੇ ਕਮਰੇ ਵਿੱਚੋਂ ਬਰਾਮਦ ਕੀਤੀ ਗਈ। ਸਬਿਤਾ ਦਾ ਗਲਾ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਰੌਲਾ ਸੁਣ ਕੇ ਆਸਪਾਸ ਦੇ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਜਾਂਚ 'ਚ ਸਾਹਮਣੇ ਆਇਆ ਕਿ ਸਬਿਤਾ ਅਤੇ ਮੇਹਰ ਵਿਚਾਲੇ ਪ੍ਰੇਮ ਸਬੰਧ ਸਨ। ਪੁਲਸ ਨੇ ਮੌਕੇ 'ਤੇ ਕਾਤਲ ਨੂੰ ਦੇਖਿਆ ਪਰ ਉਹ ਭੱਜਣ ਵਿੱਚ ਕਾਮਯਾਬ ਹੋ ਗਿਆ। ਬਾਅਦ ਵਿੱਚ ਪੁਲਸ ਨੇ ਤਲਾਸ਼ੀ ਮੁਹਿੰਮ ਚਲਾ ਕੇ ਮੇਹਰ ਨੂੰ ਫੜ ਲਿਆ।

ਪੜ੍ਹੋ ਇਹ ਅਹਿਮ ਖ਼ਬਰ-ਫਰਾਂਸ ਹਿੰਸਾ ਦੀ 'ਅੱਗ' ਸਵਿਟਜ਼ਰਲੈਂਡ ਤੱਕ ਪਹੁੰਚੀ, ਦੁਕਾਨਾਂ 'ਤੇ ਪਥਰਾਅ, ਹਿਰਾਸਤ 'ਚ ਸੱਤ ਲੋਕ

ਜਦੋਂ ਮੇਹਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਉਦੋਂ ਉਸ 'ਤੇ ਇਕ ਐਮਰਜੈਂਸੀ ਕਰਮਚਾਰੀ 'ਤੇ ਹਮਲਾ ਕਰਨ ਦਾ ਵੀ ਦੋਸ਼ ਹੈ। ਫਿਲਹਾਲ ਮੇਹਰ ਨੂੰ ਇਸ ਸਮੇਂ ਬ੍ਰਾਡਮੂਰ ਮਨੋਵਿਗਿਆਨਕ ਹਸਪਤਾਲ ਵਿੱਚ ਉੱਚ ਸੁਰੱਖਿਆ ਵਿੱਚ ਰੱਖਿਆ ਗਿਆ ਹੈ। ਉਸ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਦੋਸ਼ੀ ਨੇ ਆਪਣਾ ਜੁਰਮ ਵੀ ਕਬੂਲ ਕਰ ਲਿਆ ਹੈ। ਸੁਣਵਾਈ ਅਰਬੀ ਭਾਸ਼ਾ ਦੇ ਮਾਹਿਰ ਦੀ ਮਦਦ ਨਾਲ ਕਰਵਾਈ ਗਈ। ਹੁਣ ਸਤੰਬਰ ਵਿੱਚ ਅਦਾਲਤ ਦੋਸ਼ੀ ਨੂੰ ਸਜ਼ਾ ਸੁਣਾਏਗੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News