ਬ੍ਰਿਟੇਨ ਦੇ ਪੀ.ਐੱਮ. ਬੋਰਿਸ ਜਾਨਸਨ ਦੀ 'ਵਟਸਐਪ ਚੈਟ' ਲੀਕ, ਸਾਹਮਣੇ ਆਈ ਇਹ ਜਾਣਕਾਰੀ
Thursday, Jun 17, 2021 - 03:26 PM (IST)
ਲੰਡਨ (ਬਿਊਰੋ): ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ 'ਵਟਸਐਪ ਚੈਟ' ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਚੈਟ ਨੂੰ ਬੋਰਿਸ ਦੇ ਹੀ ਸਾਬਕਾ ਸੀਨੀਅਰ ਸਲਾਹਕਾਰ ਰਹੇ ਡੋਮਿਨਿਕ ਕਮਿੰਗਸ ਨੇ ਲੀਕ ਕੀਤਾ ਹੈ। ਇਸ ਚੈਟ ਵਿਚ ਬੋਰਿਸ ਜਾਨਸਨ ਸਿਹਤ ਸਕੱਤਰ ਮੈਟ ਹੇਨਕਾਕ ਦੀ ਆਲੋਚਨਾ ਕਰਦੇ ਦੇਖੇ ਜਾ ਸਕਦੇ ਹਨ। ਉੱਥੇ ਕਮਿੰਗਸ ਨੇ ਆਪਣੇ ਇਕ ਲੰਬੇ ਬਲਾਗ ਪੋਸਟ ਵਿਚ ਇਹ ਦੋਸ਼ ਲਗਾਇਆ ਕਿ ਮੈਟ ਹੇਨਕਾਕ ਕੋਰੋਨਾ ਕਾਲ ਦੀਆਂ ਅਸਫਲਤਾਵਾਂ ਨੂੰ ਲੈ ਕੇ ਝੂਠ ਬੋਲਦੇ ਰਹੇ।
ਕਮਿੰਗਸ ਨੇ ਇਕ ਵਟਸਐਪ ਚੈਟ ਦਾ ਸਕ੍ਰੀਨਸ਼ਾਟ ਸ਼ੇਅਰ ਕੀਤਾ ਹੈ। ਕਮਿੰਗਸ ਮੁਤਾਬਕ ਇਹ ਸਕ੍ਰੀਨਸ਼ਾਟ ਪਿਛਲੇ ਸਾਲ 26 ਮਾਰਚ ਦਾ ਹੈ। ਇਸ ਵਿਚ ਕਮਿੰਗਸ ਅਤੇ ਬੋਰਿਸ ਯੂਕੇ ਦੀ ਕੋਵਿਡ ਟੈਸਟਿੰਗ ਸਮਰੱਥਾਵਾਂ ਨੂੰ ਲੈ ਕੇ ਗੱਲ ਕਰ ਰਹੇ ਹਨ। ਇਸ ਚੈਟ ਦੌਰਾਨ ਬੋਰਿਸ ਬਹੁਤ ਨਿਰਾਸ਼ ਹੋ ਜਾਂਦੇ ਹਨ ਅਤੇ ਕਹਿੰਦੇ ਹਨ ਕਿ ਸਿਹਤ ਸਕੱਤਰ ਮੈਟ ਤੋਂ ਕਈ ਆਸ ਨਹੀਂ ਕੀਤੀ ਜਾ ਸਕਦੀ ਹੈ।ਇਸ ਦੇ ਇਲਾਵਾ ਪਿਛਲੇ ਸਾਲ ਹੀ 27 ਅਪ੍ਰੈਲ ਦੀ ਇਕ ਚੈਟ ਨੂੰ ਵੀ ਕਮਿੰਗਸ ਨੇ ਲੀਕ ਕੀਤਾ ਹੈ। ਇਸ ਚੈਟ ਵਿਚ ਬੋਰਿਸ ਸਾਫ ਕਹਿੰਦੇ ਹਨ ਕਿ ਉਹਨਾਂ ਨੂੰ ਪੀ.ਪੀ.ਈ. ਕਿੱਟਾਂ ਦੀ ਜ਼ਿੰਮੇਵਾਰੀ ਮੈਟ ਹੈਨਕਾਕ ਤੋਂ ਲੈਣੀ ਚਾਹੀਦੀ ਹੈ ਅਤੇ ਉਹਨਾਂ ਦੀ ਜਗ੍ਹਾ ਇਹ ਜ਼ਿੰਮੇਵਾਰੀ ਕੈਬਨਿਟ ਆਫਿਸ ਮੰਤਰੀ ਮਾਈਕਲ ਗੋਵ ਨੂੰ ਦੇ ਦੇਣੀ ਚਾਹੀਦੀ ਹੈ।
ਪੜ੍ਹੋ ਇਹ ਅਹਿਮ ਖਬਰ- ਰਿਪੋਰਟ 'ਚ ਦਾਅਵਾ, ਦੁਨੀਆ ਭਰ 'ਚ ਕੋਰੋਨਾ ਮ੍ਰਿਤਕਾਂ ਦੀ ਗਿਣਤੀ 70 ਲੱਖ ਤੋਂ 1.3 ਕਰੋੜ ਤੱਕ
ਉੱਥੇ ਇਸ ਚੈਟ ਦੇ ਆਧਾਰ 'ਤੇ ਕਮਿੰਗਸ ਨੇ ਬੋਰਿਸ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਹਨਾਂ ਨੇ ਆਪਣੇ ਬਲਾਗ ਪੋਸਟ ਵਿਚ ਲਿਖਿਆ ਕਿ ਮੈਟ ਹੈਨਕਾਕ ਕੋਰੋਨਾ ਕਾਲ ਵਿਚ ਟੈਸਟਿੰਗ, ਪੀ.ਪੀ.ਈ. ਕਿੱਟਾਂ ਅਤੇ ਹੋਮ ਕੇਅਰ ਨੂੰ ਲੈਕੇ ਪੂਰੀ ਤਰ੍ਹਾਂ ਅਸਫਲ ਸਾਬਤ ਹੋਏ ਅਤੇ ਬੋਰਿਸ ਨੇ ਖੁਦ ਇਸ ਦੀ ਸਖ਼ਤ ਆਲੋਚਨਾ ਕੀਤੀ। ਇਸ ਦੇ ਬਾਵਜੂਦ ਬੋਰਿਸ ਨੇ ਮੈਟ ਨੂੰ ਅਹੁਦੇ ਤੋਂ ਨਹੀਂ ਹਟਾਇਆ। ਉਹਨਾਂ ਦੀ ਲਾਪਰਵਾਹੀ ਕਾਰਨ ਯੂਕੇ ਵਿਚ ਕਈ ਲੋਕਾਂ ਨੂੰ ਜਾਨ ਗਵਾਉਣੀ ਪਈ। ਉੱਥੇ ਇਹਨਾਂ ਚੈਟਸ ਦੇ ਸਾਹਮਣੇ ਆਉਣ ਮਗਰੋਂ ਵਿਰੋਧੀ ਦਲ ਦੇ ਜਸਟਿਨ ਮੈਡਰਸ ਨੇ ਬੋਰਿਸ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹਨਾਂ ਚੈਟਸ ਨਾਲ ਇਹ ਸਾਫ ਹੈ ਕਿ ਸੱਤਾਧਾਰੀ ਪਾਰਟੀ ਤਾਲਾਬੰਦੀ ਅਤੇ ਪੀ.ਪੀ.ਈ. ਕਿੱਟਾਂ ਨੂੰ ਲੈ ਕੇ ਲਾਪਰਵਾਹੀ ਵਰਤਦੀ ਰਹੀ ਜਿਸ ਕਾਰਨ ਅਸੀਂ ਕਈ ਲੋਕਾਂ ਨੂੰ ਗਵਾ ਦਿੱਤਾ। ਮੈਨੂੰ ਸਮਝ ਨਹੀਂ ਆਉਂਦਾ ਕਿ ਜਦੋਂ ਪੀ.ਐੱਮ. ਬੋਰਿਸ ਨੂੰ ਖੁਦ ਲੱਗਦਾ ਹੈ ਕਿ ਮੈਟ ਇਕ ਖਰਾਬ ਸਿਹਤ ਸਕੱਤਰ ਹਨ ਤਾਂ ਉਹਨਾਂ ਨੂੰ ਦੁਨੀਆ ਦੀ ਸਭ ਤੋਂ ਖਤਰਨਾਕ ਮਹਾਮਾਰੀ ਵਿਚ ਵੀ ਅਹੁਦੇ ਤੋਂ ਕਿਉਂ ਨਹੀਂ ਹਟਾਇਆ ਗਿਆ। ਬੋਰਿਸ ਅਤੇ ਮੈਟ ਨੂੰ ਇਸ ਮਾਮਲੇ ਵਿਚ ਜਵਾਬ ਦੇਣ ਦੀ ਲੋੜ ਹੈ।