7 ਅਕਤੂਬਰ ਨੂੰ ਮਾਰੇ ਗਏ 3 ਹੋਰ ਬੰਧਕਾਂ ਦੀਆਂ ਲਾਸ਼ਾਂ ਗਾਜ਼ਾ ਤੋਂ ਬਰਾਮਦ: ਇਜ਼ਰਾਈਲੀ ਫੌਜ
Friday, May 24, 2024 - 02:43 PM (IST)
ਇੰਟਰਨੈਸ਼ਨਲ ਡੈਸਕ : ਇਜ਼ਰਾਇਲ ਦੀ ਫੌਜ ਨੇ ਸ਼ੁੱਕਰਵਾਰ ਨੂੰ ਕਿਹਾ ਕਿ 7 ਅਕਤੂਬਰ ਨੂੰ ਮਾਰੇ ਗਏ ਤਿੰਨ ਹੋਰ ਬੰਧਕਾਂ ਦੀਆਂ ਲਾਸ਼ਾਂ ਗਾਜ਼ਾ ਤੋਂ ਰਾਤ ਦੇ ਸਮੇਂ ਬਰਾਮਦ ਕੀਤੀਆਂ ਹਨ। ਫੌਜ ਨੇ ਕਿਹਾ ਕਿ ਹਾਨਾਨ ਯਾਬਲੋਨਕਾ, ਮਿਸ਼ੇਲ ਨਿਸੇਨਬੌਮ ਅਤੇ ਓਰਿਅਨ ਹਰਨਾਂਡੇਜ਼ ਦੀਆਂ ਲਾਸ਼ਾਂ ਮਿਲੀਆਂ ਹਨ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਫੌਜ ਦੇ ਅਨੁਸਾਰ, ਜਿਸ ਦਿਨ ਹਮਾਸ ਨੇ ਇਜ਼ਰਾਈਲ 'ਤੇ ਹਮਲੇ ਸ਼ੁਰੂ ਕੀਤੇ, ਉਸ ਦਿਨ ਮੇਫਾਲਿਜ਼ਮ ਚੌਰਾਹੇ 'ਤੇ ਹੋਏ ਹਮਲੇ ਵਿੱਚ ਤਿੰਨੇ ਮਾਰੇ ਗਏ ਸਨ ਅਤੇ ਉਨ੍ਹਾਂ ਦੀਆਂ ਲਾਸ਼ਾਂ ਗਾਜ਼ਾ ਲਿਜਾਈਆਂ ਗਈਆਂ ਸਨ।
ਫੌਜ ਨੇ ਲਗਭਗ ਇੱਕ ਹਫ਼ਤਾ ਪਹਿਲਾਂ ਕਿਹਾ ਸੀ ਕਿ ਉਸਨੂੰ 7 ਅਕਤੂਬਰ ਨੂੰ ਮਾਰੇ ਗਏ ਤਿੰਨ ਹੋਰ ਇਜ਼ਰਾਈਲੀ ਬੰਧਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਹਮਾਸ ਦੇ ਕੱਟੜਪੰਥੀਆਂ ਨੇ 7 ਅਕਤੂਬਰ ਨੂੰ ਇਜ਼ਰਾਈਲ 'ਤੇ ਹਮਲਾ ਕੀਤਾ ਸੀ, ਜਿਸ ਵਿਚ ਲਗਭਗ 1,200 ਲੋਕ ਮਾਰੇ ਗਏ ਸਨ। ਇਨ੍ਹਾਂ ਵਿੱਚ ਜ਼ਿਆਦਾਤਰ ਆਮ ਨਾਗਰਿਕ ਸਨ। ਹਮਾਸ ਨੇ ਕਰੀਬ 250 ਲੋਕਾਂ ਨੂੰ ਬੰਧਕ ਬਣਾ ਲਿਆ ਸੀ। ਉਦੋਂ ਤੋਂ, ਇਜ਼ਰਾਈਲ ਦੁਆਰਾ ਕੈਦ ਕੀਤੇ ਗਏ ਫਲਸਤੀਨੀਆਂ ਦੇ ਬਦਲੇ ਲਗਭਗ ਅੱਧੇ ਬੰਧਕਾਂ ਨੂੰ ਰਿਹਾ ਕੀਤਾ ਗਿਆ ਹੈ। ਇਜ਼ਰਾਈਲ ਦਾ ਦਾਅਵਾ ਹੈ ਕਿ ਗਾਜ਼ਾ ਵਿੱਚ ਕਰੀਬ 100 ਲੋਕ ਅਜੇ ਵੀ ਬੰਧਕ ਬਣਾਏ ਹੋਏ ਹਨ। ਉਸ ਨੇ 30 ਹੋਰ ਬੰਧਕਾਂ ਨੂੰ ਮਾਰਨ ਦਾ ਵੀ ਦਾਅਵਾ ਕੀਤਾ ਹੈ।