ਕੋਵਿਡ-19 ਦੇ ਮਰੀਜ਼ ਨੂੰ ਜਾਨ ਦਾ ਖਤਰਾ ਹੈ ਜਾਂ ਨਹੀਂ, ਬਲੱਡ ਟੈਸਟ ਤੋਂ ਲੱਗ ਸਕਦੈ ਪਤਾ

08/07/2020 7:28:52 PM

ਵਾਸ਼ਿੰਗਟਨ- ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਪੰਜ ਅਜਿਹੇ ਬਾਇਓਮਾਰਕਰ ਤਲਾਸ਼ ਕੀਤੇ ਹਨ, ਜਿਨ੍ਹਾਂ ਦਾ ਸਿੱਧਾ ਸਬੰਧ ਕੋਵਿਡ-19 ਦੇ ਮਰੀਜ਼ਾਂ ਦੀ ਮੌਤ ਤੇ ਮੈਡੀਕਲ ਕੰਡੀਸ਼ਨ ਨੂੰ ਖਰਾਬ ਕਰਨ ਨਾਲ ਹੈ। ਇਹ ਬਾਇਓਮਾਰਕਰ ਮਰੀਜ਼ ਦੇ ਖੂਨ ਵਿਚ ਹੁੰਦੇ ਹਨ ਜੋ ਮੈਡੀਕਲ ਸੰਕੇਤਕ ਦਾ ਕੰਮ ਕਰਦੇ ਹਨ। ਇਸ ਲਈ ਬਲੱਡ ਟੈਸਟ ਦੇ ਰਾਹੀਂ ਕੋਵਿਡ-19 ਦੇ ਮਰੀਜ਼ਾਂ 'ਤੇ ਮੌਤ ਦੇ ਖਤਰੇ ਦਾ ਪਤਾ ਲਗਾਇਆ ਜਾ ਸਕਦਾ ਹੈ।

ਮਰੀਜ਼ਾਂ ਦੀ ਖਰਾਬ ਹਾਲਤ ਨਾਲ ਬਾਇਓਮਾਰਕਰ ਦਾ ਸਬੰਧ
ਨਵੀਂ ਰਿਸਰਚ 'ਫਿਊਚਰ ਮੈਡੀਸਿਨ' ਜਨਰਲ ਵਿਚ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਰਿਸਰਚ ਵਿਚ ਮੈਡੀਕਲ ਕਰਮਚਾਰੀਆਂ ਨੂੰ ਅਮਰੀਕਾ ਵਿਚ ਕੋਵਿਡ-19 ਦੇ ਮਰੀਜ਼ਾਂ ਦੀ ਹਾਲਤ ਦਾ ਅੰਦਾਜਾ ਲਗਾਉਣ ਵਿਚ ਮਦਦ ਕਰੇਗਾ। ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਦੇ ਅਸਿਸਟੈਂਟ ਪ੍ਰੋਫੈਸਰ ਤੇ ਸਹਿ-ਖੋਜਕਾਰ ਜਾਨ ਰੀਸ ਨੇ ਕਿਹਾ ਕਿ ਜਦੋਂ ਅਸੀਂ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਸ਼ੁਰੂ ਕਰਦੇ ਹਾਂ ਤਾਂ ਸਾਨੂੰ ਪਤਾ ਨਹੀਂ ਹੁੰਦਾ ਕਿ ਕਿਸੇ ਮਰੀਜ਼ ਦੀ ਹਾਲਤ ਕਿਉਂ ਬਿਹਤਰ ਹੋ ਰਹੀ ਹੈ ਤੇ ਕਿਸੇ ਹੋਰ ਮਰੀਜ਼ ਦੀ ਹਾਲਤ ਕਿਉਂ ਖਰਾਬ ਹੋ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਚੀਨ ਵਿਚ ਹੋਈਆਂ ਕੁਝ ਸ਼ੁਰੂਆਤੀ ਖੋਜਾਂ ਵਿਚ ਪਤਾ ਲੱਗਿਆ ਸੀ ਕਿ ਕੋਵਿਡ-19 ਦੇ ਮਰੀਜ਼ਾਂ ਦੀ ਖਰਾਬ ਹਾਲਤ ਨਾਲ ਕੁਝ ਬਾਇਓਮਾਰਕਰ ਦਾ ਸਬੰਧ ਹੈ। ਅਮਰੀਕਾ ਵਿਚ ਵੀ ਮਰੀਜ਼ਾਂ ਦੀ ਖਰਾਬ ਹਾਲਤ ਦਾ ਕਾਰਣ ਇਹੀ ਹੈ, ਇਹ ਪਤਾ ਕਰਨ ਦੇ ਲਈ ਇਹ ਖੋਜ ਕੀਤੀ ਗਈ।

ਖੋਜਕਾਰਾਂ ਨੇ ਕੋਵਿਡ-19 ਨਾਲ ਇਨਫੈਕਟਿਡ 299 ਮਰੀਜ਼ਾਂ 'ਤੇ ਇਹ ਅਧਿਐਨ ਕੀਤਾ ਹੈ। ਇਹ ਸਾਰੇ ਮਰੀਜ਼ 12 ਮਾਰਚ ਤੋਂ 9 ਮਈ 2020 ਦੇ ਵਿਚਾਲੇ ਜਾਰਜ ਵਾਸ਼ਿੰਗਟਨ ਹਸਪਤਾਲ ਵਿਚ ਦਾਖਲ ਕੀਤੇ ਗਏ ਸਨ। ਇਨ੍ਹਾਂ ਮਰੀਜ਼ਾਂ ਵਿਚੋਂ 200 ਵਿਚ ਪੰਜੇ ਬਾਇਓਮਾਰਕਰ ਪਾਏ ਗਏ। ਇਨ੍ਹਾਂ ਪੰਜਾਂ ਬਾਇਓਮਾਰਕਰ ਨੂੰ ਆਈ.ਐੱਲ.-6, ਡੀ-ਡਿਮਰ, ਸੀ.ਆਰ.ਪੀ., ਐੱਲ.ਡੀ.ਐੱਚ. ਤੇ ਫੇਰੇਟਿਨ ਦੇ ਰੂਪ ਵਿਚ ਪਛਾਣਿਆ ਗਿਆ ਹੈ। ਇਨ੍ਹਾਂ ਬਾਇਓਮਾਰਕਰ ਦੇ ਕਾਰਣ ਮਰੀਜ਼ ਵਿਚ ਜਲਨ, ਸੋਜ ਤੇ ਖੂਨ ਵਹਿਣਾ ਵਧ ਜਾਂਦਾ ਹੈ। ਇਸ ਦੇ ਚੱਲਦੇ ਮਰੀਜ਼ ਨੂੰ ਆਈ.ਸੀ.ਯੂ. ਵਿਚ ਦਾਖਲ ਕਰਕੇ ਵੈਂਟੀਲੇਟਰ 'ਤੇ ਰੱਖਣਾ ਪੈਂਦਾ ਹੈ। ਇਨ੍ਹਾਂ ਹਾਲਾਤਾਂ ਵਿਚ ਮਰੀਜ਼ ਦੀ ਮੌਤ ਤੱਕ ਹੋ ਜਾਂਦੀ ਹੈ।


Baljit Singh

Content Editor

Related News