ਹੁਣ ਬਲੱਡ ਕਾਊਂਟ ਦੱਸੇਗਾ ਕੋਰੋਨਾ ਦੀ ਗੰਭੀਰਤਾ, ਆਸਾਨ ਹੋਵੇਗਾ ਮਰੀਜ਼ਾਂ ਦਾ ਇਲਾਜ
Tuesday, Dec 22, 2020 - 10:53 PM (IST)
ਲੰਡਨ- ਕੋਰੋਨਾ ਵਾਇਰਸ ਦੇ ਸੰਕਰਮਣ ਦਾ ਪਤਾ ਲਗਾਉਣ ਲਈ ਤਾਂ ਵਿਗਿਆਨੀਆਂ ਨੇ ਕਈ ਤਰੀਕੇ ਵਿਕਸਿਤ ਕੀਤੇ ਹਨ। ਹੁਣ ਇਸ ਦੀ ਗੰਭੀਰਤਾ ਨੂੰ ਜਾਂਚਣ ਲਈ ਵੀ ਵਿਗਿਆਨੀਆਂ ਨੇ ਇਕ ਵਿਧੀ ਦਾ ਸੁਝਾਅ ਦਿੱਤਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ 'ਫੁਲ ਬਲੱਡ ਕਾਊਂਟ ਟੈਸਟ' ਰਾਹੀਂ ਕੋਰੋਨਾ ਬਾਰੇ ਪਹਿਲਾਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਜ਼ਿਆਦਾ ਗੰਭੀਰ ਵਾਇਰਸ ਹੋਵੇਗਾ ਜਾਂ ਸਾਧਾਰਣ। ਅਜਿਹੇ ਅੰਦਾਜ਼ਿਆਂ ਨਾਲ ਸਿਹਤ ਕਾਮਿਆਂ ਨੂੰ ਵੀ ਮਰੀਜ਼ ਦੇ ਇਲਾਜ ਵਿਚ ਸਹੂਲਤ ਹੋਵੇਗੀ ਅਤੇ ਉਹ ਜਲਦੀ ਤੋਂ ਜਲਦੀ ਵਾਇਰਸ ਨੂੰ ਹਰਾ ਕੇ ਠੀਕ ਹੋ ਸਕੇਗਾ। ਇਸ ਸਬੰਧੀ 11 ਹਸਪਤਾਲਾਂ ਵਿਚ ਕੀਤੇ ਅਧਿਐਨ ਨੂੰ ਜਨਰਲ ਈ-ਲਾਈਫ ਵਿਚ ਪ੍ਰਕਾਸ਼ਿਤ ਕੀਤਾ ਗਿਆ।
ਦੱਸ ਦਈਏ ਕਿ ਫੁਲ ਬਲੱਡ ਕਾਊਂਟ ਜਾਂ ਸੀ. ਬੀ. ਸੀ. ਟੈਸਟ ਵਿਚ ਟਾਈਪ ਆਫ਼ ਸੈਲਸ ਅਤੇ ਉਨ੍ਹਾਂ ਦੀ ਗਿਣਤੀ ਬਾਰੇ ਜਾਣਕਾਰੀ ਮਿਲਦੀ ਹੈ। ਨੀਦਰਲੈਂਡ ਰੈੱਡਬਾਊਂਡ ਯੂਨੀਵਰਸਿਟੀ ਮੈਡੀਕਲ ਸੈਂਟਰ ਦੇ ਮੁੱਖ ਸੋਧਕਾਰ ਆਂਦਰੇ ਵਾਨ ਡੇਰ ਵੇਨ ਨੇ ਕਿਹਾ ਕਿ ਤਕਨੀਕਾਂ ਦੀ ਵਰਤੋਂ ਕਰਕੇ ਕੁਝ ਬਲੱਡ ਕੋਸ਼ਿਕਾਵਾਂ ਦੀ ਵਿਸ਼ੇਸ਼ਤਾ ਨੂੰ ਬਿਹਤਰ ਤਰੀਕੇ ਨਾਲ ਨਿਰਧਾਰਤ ਕੀਤਾ ਜਾ ਸਕਦਾ ਹੈ ਅਤੇ ਇਨ੍ਹਾਂ ਤਕਨੀਕਾਂ ਦੀ ਵਰਤੋਂ ਕਰਕੇ ਅਸੀਂ ਇਕ ਵਿਸ਼ਵਾਸਯੋਗ ਰੋਗ ਨਿਰੋਧਕ ਅੰਕ ਵਿਕਸਿਤ ਕਰਨ ਵਿਚ ਸਮਰੱਥ ਹੋ ਸਕਦੇ ਹਾਂ।
ਉਨ੍ਹਾਂ ਕਿਹਾ ਕਿ ਇਹ ਅੰਕ ਦੱਸਦਾ ਹੈ ਕਿ ਸੰਕਰਮਣ ਦੇ ਮਾਮਲੇ ਗੰਭੀਰ ਹੋਣਗੇ ਜਾਂ ਨਹੀਂ। ਇਸ ਦੇ ਇਲਾਵਾ ਇਹ ਇਲਾਜ ਦੇ ਫੈਸਲੇ ਲੈਣ ਵਿਚ ਸਿਹਤ ਪੇਸ਼ੇਵਰਾਂ ਦੀ ਮਦਦ ਕਰ ਸਕਦਾ ਹੈ। ਸੋਧਕਾਰਾਂ ਨੇ ਕਿਹਾ ਹੈ ਕਿ ਆਮ ਤੌਰ 'ਤੇ ਹਸਪਤਾਲਾਂ ਦੇ ਐਮਰਜੈਂਸੀ ਵਿਭਾਗ ਵਿਚ ਭਰਤੀ ਕੋਰੋਨਾ ਮਰੀਜ਼ਾਂ ਦੀ ਹੀ ਖੂਨ ਕੋਸ਼ਿਕਾਵਾਂ ਦਾ ਵਿਸਥਾਰ ਨਾਲ ਵਿਸ਼ਲੇਸ਼ਣ ਕੀਤਾ ਜਾਂਦਾ ਹੈ।