ਬਰਮਿੰਘਮ ਸਿਟੀ ਕੌਂਸਲ ਨੇ ਬੱਸ ਲੇਨ ਜ਼ੁਰਮਾਨੇ ਕਰਕੇ ਕਮਾਏ 2 ਮਿਲੀਅਨ ਪੌਂਡ
Tuesday, Sep 01, 2020 - 04:42 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ)- ਬਰਮਿੰਘਮ ਸਿਟੀ ਕੌਂਸਲ ਨੇ ਬੱਸਾਂ ਦੇ ਚੱਲਣ ਲਈ ਬਣਾਈਆਂ ਵਿਸ਼ੇਸ਼ ਲੇਨਾਂ ਵਿੱਚ ਡਰਾਈਵਿੰਗ ਕਰਦੇ ਹੋਏ ਫੜੇ ਵਾਹਨ ਚਾਲਕਾਂ ਨੂੰ 70,000 ਤੋਂ ਵੱਧ ਜੁਰਮਾਨੇ ਜਾਰੀ ਕੀਤੇ ਜਾਣ ਤੋਂ ਬਾਅਦ ਇਕ ਸਾਲ ਵਿੱਚ 2 ਮਿਲੀਅਨ ਪੌਂਡ ਤੋਂ ਵੱਧ ਦੀ ਕਮਾਈ ਕੀਤੀ ਹੈ।
ਵਾਹਨ ਚਾਲਕ ਜੋ ਅਣਜਾਣੇ ਵਿਚ ਬੱਸ ਲੇਨ ਵਿਚ ਆਪਣਾ ਵਾਹਨ ਚਲਾਉਂਦੇ ਹਨ, ਹਰ ਸਾਲ 2 ਮਿਲੀਅਨ ਪੌਂਡ ਤੋਂ ਵੱਧ ਦੀ ਰਕਮ ਲਈ ਸਿਟੀ ਕੌਂਸਲ ਦੇ ਖਜ਼ਾਨੇ ਵਿਚ ਭਰਦੇ ਹਨ। ਇਸ ਸੰਬੰਧ ਵਿੱਚ ਸਿਰਫ ਇਕ ਸਾਲ ਵਿਚ ਹੀ ਬਰਮਿੰਘਮ ਸਿਟੀ ਕੌਂਸਲ ਨੇ ਬੱਸ ਲੇਨਾਂ ਵਿਚ ਵਾਹਨ ਚਲਾਉਣ ਲਈ 70,430 ਪਨੈਲਿਟੀ ਚਾਰਜ ਨੋਟਿਸ (ਪੀ. ਸੀ. ਐੱਨ.) ਜਾਰੀ ਕਰਨ ਤੋਂ ਬਾਅਦ 2,065,736 ਪੌਂਡ ਦੀ ਆਮਦਨ ਕੀਤੀ ਹੈ।
ਸ਼ਹਿਰ ਭਰ ਵਿਚ, ਹੁਣ ਜ਼ਿਆਦਾਤਰ ਬੱਸ ਮਾਰਗਾਂ 'ਤੇ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਹਨ ਤਾਂ ਜੋ ਉਹ ਉਨ੍ਹਾਂ ਡਰਾਈਵਰਾਂ ਨੂੰ ਜਲਦੀ ਪਛਾਣ ਸਕਣ ਜੋ ਬੱਸ ਮਾਰਗ ਵਿਚ ਆ ਜਾਂਦੇ ਹਨ। ਫਿਰ ਉਹ ਡਾਕ ਰਾਹੀਂ ਇੱਕ ਪੀ. ਸੀ. ਐੱਨ. ਪ੍ਰਾਪਤ ਕਰਦੇ ਹਨ, ਜੋ ਕਿ 60 ਪੌਂਡ ਹੈ। ਜੇਕਰ ਇਸ ਦਾ ਭੁਗਤਾਨ ਪੰਦਰਾਂ ਦਿਨ ਦੇ ਅੰਦਰ ਕੀਤਾ ਜਾਂਦਾ ਹੈ ਤਾਂ ਇਹ 30 ਪੌਂਡ ਤੱਕ ਘਟਾ ਦਿੱਤਾ ਜਾਂਦਾ ਹੈ।