ਵੱਡੀ ਖ਼ਬਰ : ਓਮਾਨ ਨੇ ਭਾਰਤ, ਪਾਕਿਸਤਾਨ ਸਮੇਤ 24 ਦੇਸ਼ਾਂ ਦੇ ਯਾਤਰੀਆਂ ’ਤੇ ਲਾਈ ਪਾਬੰਦੀ
Thursday, Jul 08, 2021 - 01:59 PM (IST)
ਇੰਟਰਨੈਸ਼ਨਲ ਡੈਸਕ : ਓਮਾਨ ਨੇ ਭਾਰਤ, ਪਾਕਿਸਤਾਨ ਤੇ ਬੰਗਲਾਦੇਸ਼ ਸਮੇਤ 24 ਦੇਸ਼ਾਂ ਦੇ ਯਾਤਰੀ ਜਹਾਜ਼ਾਂ ’ਤੇ ਅਣਮਿੱਥੇ ਸਮੇਂ ਤਕ ਲਈ ਪਾਬੰਦੀ ਲਾ ਦਿੱਤੀ ਹੈ । ਇਹ ਪਾਬੰਦੀ ਅੱਜ ਤੋਂ ਲਾਗੂ ਹੋ ਗਈ ਹੈ । ਕੋਰੋਨਾ ਵਾਇਰਸ ਨੂੰ ਵਧਣ ਤੋਂ ਰੋਕਣ ਦੇ ਖਾੜੀ ਦੇਸ਼ ਦੇ ਯਤਨਾਂ ਅਧੀਨ ਇਹ ਫ਼ੈਸਲਾ ਲਿਆ ਗਿਆ ਹੈ। ਸਲਤਨਤ ਦੇ ਅਧਿਕਾਰਤ ਟਵਿਟਰ ਅਕਾਊਂਟ ਤੋਂ ਐਲਾਨ ਕੀਤਾ ਗਿਆ ਕਿ ਅਗਲੇ ਨੋਟਿਸ ਤਕ ਉਡਾਣਾਂ ’ਤੇ ਰੋਕ ਲਾਈ ਗਈ ਹੈ। ਇਸ ’ਚ ਕਿਹਾ ਗਿਆ ਕਿ ਇਹ ਫ਼ੈਸਲਾ ਕੋਰੋਨਾ ਵਾਇਰਸ ਨੂੰ ਰੋਕਣ ਲਈ ਕੀਤੇ ਜਾ ਰਹੇ ਦੇਸ਼ ਦੇ ਉਪਾਵਾਂ ਦੇ ਮੱਦੇਨਜ਼ਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਹੈਤੀ ਦੇ ਰਾਸ਼ਟਰਪਤੀ ਦੇ ਕਤਲ ਮਾਮਲੇ ’ਚ 4 ਸ਼ੱਕੀ ਢੇਰ, 2 ਗ੍ਰਿਫ਼ਤਾਰ
ਸੂਚੀ ’ਚ ਸ਼ਾਮਲ ਹੋਰ ਦੇਸ਼ਾਂ ਵਿਚ ਬ੍ਰਿਟੇਨ, ਟਿਊਨੀਸ਼ੀਆ, ਲੈਬਨਾਨ, ਈਰਾਨ, ਇਰਾਕ, ਲੀਬੀਆ, ਬਰੁਨੇਈ, ਸਿੰਗਾਪੁਰ, ਇੰਡੋਨੇਸ਼ੀਆ, ਫਿਲਪੀਨਜ਼, ਇਥੋਪੀਆ, ਸੂਡਾਨ, ਤਨਜਾਨੀਆ, ਦੱਖਣੀ ਅਫਰੀਕਾ, ਘਾਨਾ, ਸਿਏਰਾ ਲਿਓਨ, ਨਾਈਜੀਰੀਆ, ਗੁਆਨਾ, ਕੋਲੰਬੀਆ, ਅਰਜਨਟੀਨਾ ਤੇ ਬ੍ਰਾਜ਼ੀਲ ਹਨ। ਇਨ੍ਹਾਂ ’ਚੋਂ ਕੁਝ ਦੇਸ਼ਾਂ ਤੋਂ ਆਗਮਨ ’ਤੇ ਪਾਬੰਦੀ 24 ਅਪ੍ਰੈਲ ਤੋਂ ਹੀ ਲਾਗੂ ਹੈ। ਓਮਾਨ ’ਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ 1675 ਨਵੇਂ ਮਾਮਲੇ ਸਾਹਮਣੇ ਆਏ ਸਨ, ਜਿਸ ਤੋਂ ਬਾਅਦ ਦੇਸ਼ ’ਚ ਪਾਜ਼ੇਟਿਵ ਮਾਮਲੇ 2,80,235 ਹੋ ਗਏ। ਦੇਸ਼ ’ਚ ਕੋਰੋਨਾ ਵਾਇਰਸ ਨਾਲ ਹੁਣ ਤਕ 3356 ਲੋਕਾਂ ਦੀ ਮੌਤ ਹੋ ਚੁੱਕੀ ਹੈ।