ਢਾਕਾ ਨੇੜੇ ਅੱਤਵਾਦੀਆਂ ਦੇ ਮੁੜ ਸਰਗਰਮ ਹੋਣ ਦਾ ਖ਼ਦਸ਼ਾ; ਭਾਰੀ ਮਾਤਰਾ ''ਚ ਵਿਸਫੋਟਕ ਬਰਾਮਦ

Friday, Aug 21, 2026 - 02:11 PM (IST)

ਢਾਕਾ ਨੇੜੇ ਅੱਤਵਾਦੀਆਂ ਦੇ ਮੁੜ ਸਰਗਰਮ ਹੋਣ ਦਾ ਖ਼ਦਸ਼ਾ; ਭਾਰੀ ਮਾਤਰਾ ''ਚ ਵਿਸਫੋਟਕ ਬਰਾਮਦ

ਇੰਟਰਨੈਸ਼ਨਲ ਡੈਸਕ: ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਬਿਲਕੁਲ ਨਜ਼ਦੀਕ ਸਾਵਰ ਅਤੇ ਆਸ਼ੂਲੀਆ ਇਲਾਕਿਆਂ ਵਿੱਚ ਲਗਾਤਾਰ ਬੰਬਾਂ ਦੀ ਬਰਾਮਦਗੀ ਅਤੇ ਧਮਾਕਿਆਂ ਨੇ ਦੇਸ਼ ਵਿੱਚ ਇੱਕ ਵਾਰ ਫਿਰ ਅੱਤਵਾਦੀਆਂ ਦੇ ਮੁੜ ਸਰਗਰਮ ਹੋਣ ਦੀਆਂ ਚਿੰਤਾਵਾਂ ਨੂੰ ਵਧਾ ਦਿੱਤਾ ਹੈ। ਜਾਂਚਕਰਤਾਵਾਂ ਨੇ ਇਨ੍ਹਾਂ ਘਟਨਾਵਾਂ ਦੇ ਤਾਰ ਅੱਤਵਾਦੀ ਸੰਗਠਨ 'ਨਿਓ-ਜੇ.ਐਮ.ਬੀ' ਦੇ ਕਾਰਕੁਨਾਂ ਨਾਲ ਜੋੜੇ ਹਨ, ਜੋ ਕਿਸੇ ਵੱਡੀ ਤਬਾਹੀ ਦੀ ਸਾਜ਼ਿਸ਼ ਘੜ ਰਹੇ ਸਨ।

ਪਿਛਲੇ ਦੋ ਹਫ਼ਤਿਆਂ ਦੌਰਾਨ ਸਾਵਰ ਅਤੇ ਆਸ਼ੂਲੀਆ ਇਲਾਕਿਆਂ ਵਿੱਚੋਂ ਦੋ ਸ਼ਕਤੀਸ਼ਾਲੀ ਪ੍ਰੈਸ਼ਰ ਕੂਕਰ ਬੰਬਾਂ ਸਮੇਤ ਘੱਟੋ-ਘੱਟ 16 ਵਿਸਫੋਟਕ ਬਰਾਮਦ ਕੀਤੇ ਗਏ ਹਨ। ਹਾਲ ਹੀ ਵਿੱਚ, 11 ਅਗਸਤ ਨੂੰ ਪੁਲਿਸ ਨੇ ਇੱਕ ਮਸਜਿਦ ਅਤੇ ਮਦਰੱਸੇ ਦੇ ਨੇੜਿਓਂ ਇੱਕ ਬੇਹੱਦ ਸ਼ਕਤੀਸ਼ਾਲੀ ਬੰਬ ਬਰਾਮਦ ਕੀਤਾ, ਜਿਸ ਨੂੰ ਬਾਅਦ ਵਿੱਚ ਬੰਬ ਨਿਰੋਧਕ ਦਸਤੇ ਨੇ ਨਾਕਾਮ ਕਰ ਦਿੱਤਾ। ਇਸੇ ਤਰ੍ਹਾਂ ਦਾ ਇੱਕ ਪ੍ਰੈਸ਼ਰ ਕੂਕਰ ਬੰਬ 30 ਜੁਲਾਈ ਨੂੰ ਆਸ਼ੂਲੀਆ ਦੇ ਇੱਕ ਕਰਿਆਨੇ ਦੀ ਦੁਕਾਨ ਦੇ ਬਾਹਰੋਂ ਵੀ ਮਿਲਿਆ ਸੀ। ਇਸ ਤੋਂ ਇਲਾਵਾ, ਵੱਖ-ਵੱਖ ਛਾਪੇਮਾਰੀਆਂ ਦੌਰਾਨ 14 ਪਾਈਪ ਬੰਬ ਅਤੇ ਬੰਬ ਬਣਾਉਣ ਵਾਲੀ ਸਮੱਗਰੀ ਵੀ ਜ਼ਬਤ ਕੀਤੀ ਗਈ ਹੈ।


ਪੜ੍ਹੋ ਇਹ ਅਹਿਮ ਖ਼ਬਰ-  ਵੱਡੀ ਖ਼ਬਰ : ਅਲਾਸਕਾ 'ਚ ਜਹਾਜ਼ ਹਾਦਸਾਗ੍ਰਸਤ, 8 ਲੋਕਾਂ ਦੀ ਮੌਤ

ਸਾਵਰ ਦੇ ਪੁਲਿਸ ਸੁਪਰਡੈਂਟ (SP) ਸ਼ਮੀਮਾ ਪਰਵੀਨ ਨੇ ਦੱਸਿਆ ਕਿ ਉਨ੍ਹਾਂ ਕੋਲ ਖੁਫ਼ੀਆ ਜਾਣਕਾਰੀ ਸੀ ਕਿ ਅੱਤਵਾਦੀ ਇਸ ਇਲਾਕੇ ਵਿੱਚ ਪਨਾਹ ਲੈ ਰਹੇ ਹਨ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਅੱਤਵਾਦੀਆਂ ਨੇ ਦੋ ਬਹੁਤ ਹੀ ਵਿਨਾਸ਼ਕਾਰੀ ਬੰਬ ਤਿਆਰ ਕੀਤੇ ਸਨ, ਜਿਨ੍ਹਾਂ ਨੂੰ ਪੁਲਿਸ ਨੇ ਸਫ਼ਲਤਾਪੂਰਵਕ ਬਰਾਮਦ ਕਰ ਲਿਆ।  ਅਪਰਾਧ ਮਾਹਰਾਂ ਅਨੁਸਾਰ ਸਾਵਰ ਅਤੇ ਆਸ਼ੂਲੀਆ ਵਰਗੇ ਸੰਘਣੀ ਆਬਾਦੀ ਵਾਲੇ ਉਦਯੋਗਿਕ ਖੇਤਰਾਂ ਵਿੱਚ ਵੱਡੀ ਗਿਣਤੀ ਵਿੱਚ ਕੱਪੜਾ ਉਦਯੋਗ ਦੇ ਮਜ਼ਦੂਰ ਰਹਿੰਦੇ ਹਨ, ਜੋ ਅਕਸਰ ਆਪਣੀ ਰਿਹਾਇਸ਼ ਬਦਲਦੇ ਰਹਿੰਦੇ ਹਨ। ਢਾਕਾ ਯੂਨੀਵਰਸਿਟੀ ਦੇ ਅਪਰਾਧ ਮਾਹਰ ਡਾ. ਤੌਹੀਦੁਲ ਹੱਕ ਅਨੁਸਾਰ ਇੱਥੇ ਘੱਟ ਪੈਸਿਆਂ ਵਿੱਚ ਰਹਿਣਾ ਅਤੇ ਸਥਾਨਕ ਲੋਕਾਂ ਵਿੱਚ ਘੁਲਣਾ-ਮਿਲਣਾ ਬੇਹੱਦ ਆਸਾਨ ਹੋਣ ਕਾਰਨ ਅਪਰਾਧੀ ਅਤੇ ਅੱਤਵਾਦੀ ਆਪਣੀ ਪਛਾਣ ਛੁਪਾ ਕੇ ਇੱਥੇ ਆਸਾਨੀ ਨਾਲ ਬੰਬ ਬਣਾਉਂਦੇ ਹਨ।

ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਨਿਓ-ਜੇ.ਐਮ.ਬੀ. ਦੇ ਮੈਂਬਰਾਂ ਦੇ ਤਾਰ ਪਿਛਲੇ ਸਾਲ ਦਸੰਬਰ ਵਿੱਚ ਕੇਰਾਨੀਗੰਜ ਦੇ ਇੱਕ ਮਦਰੱਸੇ ਵਿੱਚ ਹੋਏ ਧਮਾਕੇ ਸਮੇਤ ਲਗਭਗ 11 ਘਟਨਾਵਾਂ ਨਾਲ ਜੁੜੇ ਹੋ ਸਕਦੇ ਹਨ। ਪੁਲਿਸ ਇਸ ਗਰੁੱਪ ਦੇ ਸਬੰਧ ਫਰਵਰੀ ਵਿੱਚ ਜੈਸੋਰ ਵਿੱਚ ਹੋਈ ਹਥਿਆਰਾਂ ਦੀ ਬਰਾਮਦਗੀ, ਮਾਰਚ ਵਿੱਚ ਕੁਮਿੱਲਾ ਦੇ ਇੱਕ ਮੰਦਰ 'ਤੇ ਹੋਏ ਬੰਬ ਹਮਲੇ, ਫੈਣੀ ਵਿੱਚ ਇੱਕ ਘੱਟ ਗਿਣਤੀ ਭਾਈਚਾਰੇ ਦੇ ਮੈਂਬਰ ਦੇ ਕਤਲ ਅਤੇ ਮੋਤੀਝੀਲ ਮੈਟਰੋਰੇਲ ਸਟੇਸ਼ਨ ਦੇ ਹੇਠਾਂ ਬੰਬ ਮਿਲਣ ਵਰਗੀਆਂ ਘਟਨਾਵਾਂ ਨਾਲ ਜੋੜ ਕੇ ਜਾਂਚ ਕਰ ਰਹੀ ਹੈ। ਸਾਵਰ ਇਲਾਕੇ ਦਾ ਅੱਤਵਾਦੀ ਗਤੀਵਿਧੀਆਂ ਨਾਲ ਸਬੰਧ ਲਗਭਗ ਦੋ ਦਹਾਕੇ ਪੁਰਾਣਾ ਹੈ। 17 ਅਗਸਤ 2005 ਨੂੰ ਜਦੋਂ 'ਜੇ.ਐਮ.ਬੀ' ਨੇ ਦੇਸ਼ ਵਿਆਪੀ ਬੰਬ ਧਮਾਕੇ ਕੀਤੇ ਸਨ, ਉਦੋਂ ਵੀ ਸਾਵਰ ਵਿੱਚ ਛੇ ਧਮਾਕੇ ਹੋਏ ਸਨ, ਜਿਸ ਵਿੱਚ ਇੱਕ 10 ਸਾਲਾ ਬੱਚੇ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ 2010 ਅਤੇ 2017 ਵਿੱਚ ਵੀ ਇਸ ਇਲਾਕੇ ਵਿੱਚੋਂ ਭਾਰੀ ਮਾਤਰਾ ਵਿੱਚ ਵਿਸਫੋਟਕਾਂ ਅਤੇ ਹਥਿਆਰਾਂ ਸਹਿਤ ਜੇ.ਐਮ.ਬੀ. ਦੇ ਕਈ ਮੁੱਖ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਨੇ ਖੁਫ਼ੀਆ ਨਿਗਰਾਨੀ, ਗਸ਼ਤ ਅਤੇ ਸੁਰੱਖਿਆ ਜਾਂਚਾਂ ਤੇਜ਼ ਕਰ ਦਿੱਤੀਆਂ ਹਨ ਅਤੇ ਸਥਾਨਕ ਮਕਾਨ ਮਾਲਕਾਂ ਨੂੰ ਆਪਣੇ ਕਿਰਾਏਦਾਰਾਂ ਦੀ ਸਖ਼ਤ ਤਸਦੀਕ ਕਰਨ ਲਈ ਕਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News