ਕੈਨੇਡਾ ਜਾਣ ਦੀ ਉਡੀਕ 'ਚ ਬੈਠੇ ਲੋਕਾਂ ਲਈ ਵੱਡੀ ਖ਼ਬਰ, ਵੈਕਸੀਨ ਦੀਆਂ ਦੋਵੇਂ ਡੋਜ਼ ਲੈਣ ਵਾਲਿਆਂ ਲਈ ਖੁੱਲ੍ਹੇ ਦਰਵਾਜ਼ੇ
Tuesday, Jul 06, 2021 - 05:07 PM (IST)
ਇੰਟਰਨੈਸ਼ਨਲ ਡੈਸਕ : ਕੈਨੇਡਾ ਜਾਣ ਦੀ ਉਡੀਕ ’ਚ ਬੈਠੇ ਲੋਕਾਂ ਲਈ ਇਕ ਵੱਡੀ ਰਾਹਤ ਦੀ ਖ਼ਬਰ ਹੈ ਕਿ ਕੈਨੇਡਾ ਸਰਕਾਰ ਨੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲਗਵਾ ਚੁੱਕੇ ਲੋਕਾਂ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ। ਕੈਨੇਡਾ ਸਿਹਤ ਮੰਤਰਾਲਾ ਨੇ ਫਾਈਜ਼ਰ, ਮੋਡਰਨਾ, ਕੋਵਿਸ਼ੀਲਡ, ਐਸਟ੍ਰਾਜ਼ੇਨੇਕਾ ਤੇ ਜਾਨਸਨ ਐਂਡ ਜਾਨਸਨ ਵੈਕਸੀਨ ਨੂੰ ਮਾਨਤਾ ਦਿੱਤੀ ਹੈ ਤੇ ਇਨ੍ਹਾਂ ਵਿਚੋਂ ਕੋਈ ਵੀ ਵੈਕਸੀਨ ਲਗਵਾ ਚੁੱਕੇ ਲੋਕ ਹੀ ਕੈਨੇਡਾ ਆ ਸਕਦੇ ਹਨ। ਲੰਮੇ ਸਮੇਂ ਤੋਂ ਕੈਨੇਡਾ ਆਉਣ ਦੀ ਉਡੀਕ ’ਚ ਬੈਠੇ ਕੈਨੇਡੀਅਨ ਸਿਟੀਜ਼ਨਜ਼, ਇਮੀਗੇ੍ਰਸ਼ਨ ਦੀਆਂ ਸ਼ਰਤਾਂ ਪੂਰੀਆਂ ਕਰਦੇ ਸੁਪਰ ਵੀਜ਼ਾ, ਵਰਕ ਪਰਮਿਟ ਤੇ ਸਟੱਡੀ ਪਰਮਿਟ ਵਾਲੇ ਲੋਕਾਂ ਨੂੰ ਇਸ ਐਲਾਨ ਨਾਲ ਵੱਡੀ ਰਾਹਤ ਮਿਲੇਗੀ।
ਇਹ ਵੀ ਪੜ੍ਹੋ : ਸੁਫ਼ਨਾ ਬਦਲਿਆ ਹਕੀਕਤ ’ਚ, ਸਿੰਗਾਪੁਰ ’ਚ ਹਾਈਟੈੱਕ ਰੋਬੋਟਸ ਕਰ ਰਹੇ ਫੂਡ ਤੇ ਗ੍ਰੋਸਰੀ ਦੀ ਡਲਿਵਰੀ
ਨਵੇਂ ਨਿਯਮਾਂ ਅਧੀਨ ਵੈਕਸੀਨ ਦੀ ਦੂਜੀ ਡੋਜ਼ ਕੈਨੇਡਾ ਲਈ ਉਡਾਣ ਭਰਨ ਤੋਂ 2 ਹਫ਼ਤੇ ਪਹਿਲਾਂ ਲੈਣੀ ਜ਼ਰੁੂਰੀ ਹੈ ਤੇ ਕੋਰੋਨਾ ਨੈਗੇਟਿਵ ਟੈਸਟ ਦੀ ਰਿਪੋਰਟ 3 ਦਿਨ ਪੁਰਾਣੀ ਹੋਣੀ ਚਾਹੀਦੀ ਹੈ। ਜਿਨ੍ਹਾਂ ਲੋਕਾਂ ਦੇ ਵੈਕਸੀਨ ਦੀਆਂ ਦੋਵੇਂ ਡੋਜ਼ ਲੱਗ ਚੁੱਕੀਆਂ ਹਨ, ਉਨ੍ਹਾਂ ਦੇ ਕੈਨੇਡਾ ਵਿਚ ਦਾਖਲ ਹੋਣ ’ਤੇ ਇਕ ਹਫ਼ਤੇ ਬਾਅਦ ਕੋਰੋਨਾ ਟੈਸਟ ਕਰਵਾਉਣ ਦੀ ਸ਼ਰਤ ਹੁਣ ਹਟਾ ਦਿੱਤੀ ਗਈ ਹੈ। ਕੈਨੇਡਾ ਸਰਕਾਰ ਨੇ ਇਹ ਫ਼ੈਸਲਾ ਕਰਕੇ ਵਿਦੇਸ਼ਾਂ ਤੋਂ ਆ ਰਹੇ ਲੋਕਾਂ ਨੂੰ ਹੋ ਰਹੀ ਖੱਜਲ-ਖੁਆਰੀ ਤੋਂ ਵੱਡੀ ਰਾਹਤ ਦਿੱਤੀ ਹੈ ਕਿਉਂਕਿ ਕੈਨੇਡਾ ਆਉਣ ਵਾਲੇ ਲੋਕਾਂ ਨੂੰ ਬਹੁਤ ਹੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।