ਅਮਰੀਕਾ ’ਚ ਪੜ੍ਹਾਈ ਕਰ ਰਹੇ ਭਾਰਤੀ ਵਿਦਿਆਰਥੀਆਂ ਲਈ ਵੱਡੀ ਖ਼ਬਰ, ਸੰਸਦ ’ਚ ਪੇਸ਼ ਹੋਇਆ ਨਵਾਂ ਬਿੱਲ

07/30/2021 1:26:10 AM

ਵਾਸ਼ਿੰਗਟਨ (ਭਾਸ਼ਾ)-ਅਮਰੀਕੀ ਸੰਸਦ ਮੈਂਬਰਾਂ ਦੇ ਇਕ ਸਮੂਹ ਨੇ ਪ੍ਰਤੀਨਿਧੀ ਸਭਾ ’ਚ ਇਕ ਵਾਰ ਫਿਰ ਉਹ ਬਿੱਲ ਪੇਸ਼ ਕੀਤਾ ਹੈ, ਜਿਸ ’ਚ ਉਸ ਪ੍ਰੋਗਰਾਮ ਨੂੰ ਬੰਦ ਕਰਨ ਦਾ ਪ੍ਰਬੰਧ ਹੈ, ਜੋ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਕੁਝ ਨਿਸ਼ਚਿਤ ਸ਼ਰਤਾਂ ਦੇ ਨਾਲ ਵਿਦੇਸ਼ੀ ਵਿਦਿਆਰਥੀਆਂ ਨੂੰ ਦੇਸ਼ ’ਚ ਕੰਮ ਕਰਨ ਲਈ ਰੁਕਣ ਦੀ ਇਜਾਜ਼ਤ ਦਿੰਦਾ ਹੈ। ਜੇ ਇਹ ਬਿੱਲ ਪਾਸ ਹੋ ਕੇ ਕਾਨੂੰਨ ਬਣਦਾ ਹੈ ਤਾਂ ਇਸ ਨਾਲ ਇਥੇ ਪੜ੍ਹ ਰਹੇ ਹਜ਼ਾਰਾਂ ਭਾਰਤੀ ਵਿਦਿਆਰਥੀ ਪ੍ਰਭਾਵਿਤ ਹੋਣਗੇ। ਸੰਸਦ ਮੈਂਬਰ ਪਾਲ ਏ ਗੋਸਰ ਨਾਲ ਸੰਸਦ ਮੈਂਬਰ ਮੋ. ਬਰੁੱਕਸ, ਐਂਡੀ ਬਿਗਸ ਤੇ ਮੈਟ ਗੇਟਜ਼ ਨੇ ‘ਫੇਅਰਨੈੱਸ ਫਾਰ ਹਾਈ ਸਕਿੱਲਡ ਅਮੇਰਿਕਨ ਐਕਟ’ ਪੇਸ਼ ਕੀਤਾ।

ਇਹ ਵੀ ਪੜ੍ਹੋ : ਅਮਰੀਕਾ : ਕੈਲੀਫੋਰਨੀਆ ’ਚ ਕਾਰਾਂ ਵਿਚਾਲੇ ਜ਼ਬਰਦਸਤ ਟੱਕਰ, ਇਕ ਦੀ ਮੌਤ

ਜੇ ਇਹ ਬਿੱਲ ਪਾਸ ਹੋਣ ’ਤੇ ਆਪਸ਼ਨ ਪ੍ਰੈਕਟਿਸ ਟ੍ਰੇਨਿੰਗ (ਓ. ਪੀ. ਟੀ.) ’ਤੇ ਇਮੀਗ੍ਰੇਸ਼ਨ ਅਤੇ ਨੈਸ਼ਨਲਿਟੀ ਐਕਟ ’ਚ ਸੋਧ ਕਰੇਗਾ। ਗੋਸਰ ਨੇ ਕਿਹਾ, “ਕਿਹੜਾ ਦੇਸ਼ ਅਜਿਹਾ ਪ੍ਰੋਗਰਾਮ ਬਣਾਉਂਦਾ ਹੈ, ਜੋ ਆਪਣੇ ਨਾਗਰਿਕਾਂ ਨੂੰ ਨੌਕਰੀ ’ਚੋਂ ਕੱਢਣ ਤੇ ਉਨ੍ਹਾਂ ਦੀ ਥਾਂ ਵਿਦੇਸ਼ੀ ਕਾਮਿਆਂ ਨੂੰ ਰੱਖਣ ਲਈ ਆਪਣੇ ਕਾਰੋਬਾਰਾਂ ਨੂੰ ਸਨਮਾਨਿਤ ਕਰਦਾ ਹੈ? ਉਹ ਅਮਰੀਕਾ ਹੈ। ਇਸ ਪ੍ਰੋਗਰਾਮ ਦਾ ਨਾਂ ‘ਓ.ਪੀ.ਟੀ.’ ਹੈ ਅਤੇ ਇਹ ਸਾਡੇ ਆਪਣੇ ਕਾਮਿਆਂ ਨੂੰ ਛੱਡਣ ਦੇ ਰਵੱਈਏ ਨੂੰ ਦਰਸਾਉਂਦਾ ਹੈ।' ਗੋਸਰ ਨੇ ਪਹਿਲੀ ਵਾਰ 116ਵੀਂ ਸੰਸਦ ਵਿਚ ‘ਫੇਅਰਨੈੱਸ ਫਾਰ ਹਾਈ-ਸਕਿੱਲਡ ਅਮੇਰਿਕਨ ਐਕਟ’ ਪੇਸ਼ ਕੀਤਾ ਸੀ ਅਤੇ ਓ. ਪੀ. ਟੀ. ਨੂੰ ਖ਼ਤਮ ਕਰਨ ਲਈ ਹੋਮਲੈਂਡ ਸਕਿਓਰਿਟੀ ਵਿਭਾਗ ਵਿਰੁੱਧ ਮੁਕੱਦਮੇ ’ਚ ਅਮਰੀਕੀ ਕਰਮਚਾਰੀਆਂ ਦੇ ਸਮਰਥਨ ’ਚ ਇਕ ‘ਐਮਿਕਸ ਬ੍ਰੀਫ’ ’ਤੇ ਦੋ ਵਾਰ ਦਸਤਖਤ ਕੀਤੇ। ‘ਐਮਿਕਸ ਬ੍ਰੀਫ’ ਇੱਕ ਕਾਨੂੰਨੀ ਦਸਤਾਵੇਜ਼ ਹੈ, ਜੋ ਅਦਾਲਤੀ ਕੇਸ ’ਚ ਉਨ੍ਹਾਂ ਲੋਕਾਂ ਵੱਲੋਂ ਦਾਇਰ ਕੀਤਾ ਜਾ ਸਕਦਾ ਹੈ, ਜੋ ਮੁਕੱਦਮੇਬਾਜ਼ ਨਹੀਂ ਹਨ ਪਰ ਕੇਸ ’ਚ ਦਿਲਚਸਪੀ ਰੱਖਦੇ ਹਨ। ਓ. ਪੀ. ਟੀ. ਯੂਨਾਈਟਿਡ ਸਟੂਡੈਂਟਸ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ਆਈ. ਸੀ. ਈ.) ਵੱਲੋਂ ਪ੍ਰਸ਼ਾਸਿਤ ਇੱਕ ਮਹਿਮਾਨ ਕਰਮਚਾਰੀ ਪ੍ਰੋਗਰਾਮ ਹੈ।

ਅਮਰੀਕਾ ’ਚ ਓ. ਪੀ .ਟੀ. ਦੇ ਅਧੀਨ ਲੱਗਭਗ 80,000 ਭਾਰਤੀ ਵਿਦਿਆਰਥੀ ਹਨ। ਬਿੱਲ ਨੂੰ ਸੀਨੇਟ ਵੱਲੋਂ ਵੀ ਪਾਸ ਕਰਨਾ ਪਵੇਗਾ, ਜਿਸ ਤੋਂ ਬਾਅਦ ਇਹ ਰਾਸ਼ਟਰਪਤੀ ਨੂੰ ਦਸਤਖਤ ਲਈ ਭੇਜਿਆ ਜਾਵੇਗਾ। ਗੋਸਰ ਨੇ ਦੋਸ਼ ਲਾਇਆ ਕਿ ਓ. ਪੀ. ਟੀ. ਨੇ ਗ੍ਰੈਜੂਏਸ਼ਨ ਤੋਂ ਬਾਅਦ 1,00,000 ਤੋਂ ਵੱਧ ਵਿਦੇਸ਼ੀ ਵਿਦਿਆਰਥੀਆਂ ਨੂੰ ਡਿਗਰੀ ਤੋਂ ਬਾਅਦ ਅਮਰੀਕਾ ’ਚ ਕੰਮ ਕਰਨ ਦੀ ਆਗਿਆ ਦੇ ਕੇ ਐੱਚ-1ਬੀ ਸੀਮਾ ਨੂੰ ਤੋੜਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਦੇਸ਼ੀ ਕਾਮਿਆਂ ਨੂੰ ਟੈਕਸ ਤੋਂ ਛੋਟ ਦਿੱਤੀ ਗਈ ਹੈ, ਜਿਸ ਨਾਲ ਉਨ੍ਹਾਂ ਦਾ ਖਰਚਾ ਇਕ ਅਮਰੀਕੀ ਕਾਮਿਆਂ ਦੀ ਤੁਲਨਾ ’ਚ ਤਕਰੀਬਨ 10 ਤੋਂ 15 ਫ਼ੀਸਦੀ ਘੱਟ ਹੋ ਜਾਂਦਾ ਹੈ।

ਇਹ ਵੀ ਪੜ੍ਹੋ : ਸੀਨੀਅਰ ਕਾਂਗਰਸੀ ਆਗੂ ਹੈਪੀ ਬਾਜਵਾ ਨੇ ਕੀਤੀ ਖੁਦਕੁਸ਼ੀ, ਮਰਨ ਤੋਂ ਪਹਿਲਾਂ ਕਿਹਾ-ਪਾਰਟੀ ਨੇ ਵੀ ਨਹੀਂ ਫੜੀ ਮੇਰੀ ਬਾਂਹ


Manoj

Content Editor

Related News