ਕੈਨੇਡਾ ਦੀ ਪੀ.ਆਰ. ਨੂੰ ਲੈ ਕੇ ਪੰਜਾਬੀਆਂ ਲਈ ਵੱਡੀ ਖ਼ਬਰ, 3 ਹਜ਼ਾਰ ਪ੍ਰਵਾਸੀ ਹੋਣਗੇ ਪੱਕੇ

Saturday, Jun 01, 2024 - 06:34 PM (IST)

ਟੋਰਾਂਟੋ : ਕੈਨੇਡਾ ਵਿਚ ਪੱਕੇ ਹੋਣ ਦੇ ਚਾਹਵਾਨ ਪੰਜਾਬੀਆਂ ਲਈ ਚੰਗੀ ਖ਼ਬਰ ਹੈ। ਐਕਸਪ੍ਰੈਸ ਐਂਟਰੀ ਦੇ ਤਾਜ਼ਾ ਡਰਾਅ ਦੌਰਾਨ 3 ਹਜ਼ਾਰ ਪ੍ਰਵਾਸੀਆਂ ਨੂੰ ਕੈਨੇਡੀਅਨ ਪੀ.ਆਰ. ਲਈ ਅਰਜ਼ੀਆਂ ਦਾਇਰ ਕਰਨ ਦਾ ਸੱਦਾ ਦਿਤਾ ਗਿਆ ਹੈ। ਇਸ ਵਾਰ ਘੱਟੋ ਘੱਟ ਸੀ.ਆਰ.ਐਸ. 522 ਦਰਜ ਕੀਤਾ ਗਿਆ ਅਤੇ ਕਈ ਹਫ਼ਤੇ ਬਾਅਦ ਐਨੀ ਵੱਡੀ ਗਿਣਤੀ ਵਿਚ ਪੀ.ਆਰ. ਦੇ ਸੱਦੇ ਦਿਤੇ ਜਾ ਰਹੇ ਹਨ। ਐਕਸਪ੍ਰੈਸ ਐਂਟਰੀ ਦੇ ਤਾਜ਼ਾ ਡਰਾਅ ਵਿਚ ਸ਼ਾਮਲ ਜ਼ਿਆਦਾਤਰ ਪ੍ਰਵਾਸੀ ਕੈਨੇਡੀਅਨ ਤਜਰਬੇ ਵਾਲੇ ਦੱਸੇ ਜਾ ਰਹੇ ਹਨ। ਐਕਸਪ੍ਰੈਸ ਐਂਟਰੀ ਦਾ ਪਿਛਲਾ ਡਰਾਅ 24 ਅਪ੍ਰੈਲ ਨੂੰ ਕੱਢਿਆ ਗਿਆ ਸੀ ਅਤੇ ਹੁਣ ਇਕ ਮਹੀਨੇ ਤੋਂ ਵੱਧ ਸਮੇਂ ਬਾਅਦ ਕੱਢੇ ਡਰਾਅ ਵਿਚ ਪ੍ਰੋਵਿੰਸ਼ੀਅਨ ਨੌਮਿਨੀ ਪ੍ਰੋਗਰਾਮ ਵਾਲੇ ਉਮੀਦਵਾਰਾਂ ਨੂੰ ਵੱਡੀ ਗਿਣਤੀ ਵਿਚ ਜਗ੍ਹਾ ਮਿਲੀ ਹੈ ਜੋ ਪਹਿਲਾਂ ਹੀ ਟੈਂਪਰੇਰੀ ਰੈਜ਼ੀਡੈਂਟ ਵਜੋਂ ਕੈਨੇਡਾ ਵਿਚ ਮੌਜੂਦ ਹਨ। 

ਇਮੀਗ੍ਰੇਸ਼ਨ ਮਾਹਰਾਂ ਦਾ ਮੰਨਣਾ ਹੈ ਕਿ ਫੈਡਰਲ ਸਰਕਾਰ ਵਰਕ ਪਰਮਿਟ ’ਤੇ ਕੈਨੇਡਾ ਵਿਚ ਮੌਜੂਦ ਵੱਧ ਤੋਂ ਵੱਧ ਪ੍ਰਵਾਸੀਆਂ ਨੂੰ ਪੱਕਾ ਕਰਨਾ ਚਾਹੁੰਦੀ ਹੈ ਤਾਂਕਿ ਕੁਝ ਖਾਸ ਖੇਤਰਾਂ ਵਿਚ ਕਿਰਤੀਆਂ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ। 24 ਅਪ੍ਰੈਲ ਦੇ ਡਰਾਅ ਮਗਰੋਂ ਲੰਮਾ ਸਮਾਂ ਲੱਗਣ ਬਾਰੇ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਕਿਸੇ ਠੋਸ ਕਾਰਨ ਦਾ ਜ਼ਿਕਰ ਨਹੀਂ ਕੀਤਾ ਗਿਆ। ਦੂਜੇ ਪਾਸੇ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਮੰਗੀ ਗਈ ਜਾਣਕਾਰੀ ਵਿਚ ਇਮੀਗ੍ਰੇਸ਼ਨ ਵਿਭਾਗ ਨੇ ਕਿਹਾ ਕਿ ਪੂਰੇ ਵਰ੍ਹੇ ਦੌਰਾਨ ਕੱਢੇ ਜਾਣ ਵਾਲੇ ਡਰਾਅ ਤੈਅਸ਼ੁਦਾ ਤਰੀਕਾਂ ’ਤੇ ਕੱਢੇ ਜਾਂਦੇ ਹਨ। ਇਮੀਗ੍ਰੇਸ਼ਨ ਵਿਭਾਗ ਨੇ ਇਨ੍ਹਾਂ ਤਰੀਕਾਂ ਬਾਰੇ ਦੱਸਣ ਤੋਂ ਨਾਂਹ ਕਰ ਦਿੱਤੀ ਅਤੇ ਸਿਰਫ ਐਨਾ ਕਿਹਾ ਕਿ ਕਿਸੇ ਵੀ ਡਰਾਅ ਦਾ ਆਕਾਰ ਸਾਲ 2024 ਅਤੇ 2025 ਲਈ ਮਿੱਥੇ ਗਏ ਇਮੀਗ੍ਰੇਸ਼ਨ ਟੀਚਿਆਂ ਦੇ ਹਿਸਾਬ ਨਾਲ ਹੋਵੇਗਾ। 

ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਜੇਸ਼ ਮਿਸ਼ਰਾ ਨੂੰ ਘੱਟ ਸਜ਼ਾ ਸੁਣਾਏ ਜਾਣ 'ਤੇ ਸਾਬਕਾ ਭਾਰਤੀ ਵਿਦਿਆਰਥੀ ਨਿਰਾਸ਼ 

ਇਸ ਤੋਂ ਇਲਾਵਾ ਇਮੀਗ੍ਰੇਸ਼ਨ ਅਰਜ਼ੀਆਂ ਦੀ ਪ੍ਰੋਸੈਸਿੰਗ ਵਿਚ ਲੱਗਣ ਵਾਲਾ ਸਮਾਂ ਵੀ ਇਕ ਡਰਾਅ ਤੋਂ ਦੂਜੇ ਡਰਾਅ ਤੱਕ ਦੇ ਸਮੇਂ ਨੂੰ ਪ੍ਰਭਾਵਤ ਕਰਦਾ ਹੈ। ਇਥੇ ਦੱਸਣਾ ਬਣਦਾ ਹੈ ਕਿ 10 ਅਪ੍ਰੈਲ ਨੂੰ ਕੱਢੇ ਗਏ ਡਰਾਅ ਵਿਚ ਸਿਰਫ 1,280 ਉਮੀਦਵਾਰਾਂ ਨੂੰ ਪੀ.ਆਰ. ਦੇ ਸੱਦੇ ਭੇਜੇ ਗਏ ਪਰ ਇਸ ਤੋਂ ਅਗਲੇ ਹੀ ਦਿਨ ਸਾਇੰਸ, ਟੈਕਨਾਲੋਜੀ, ਇੰਜਨੀਅਰਿੰਗ ਅਤੇ ਮੈਥੇਮੈਟਿਕਸ ਵਾਲੀ ਸ਼੍ਰੇਣੀ ਅਧੀਨ 4,500 ਉਮੀਦਵਾਰਾਂ ਨੂੰ ਪੀ.ਆਰ. ਦਾ ਸੱਦਾ ਭੇਜਿਆ ਗਿਆ। 23 ਅਤੇ 24 ਅਪ੍ਰੈਲ ਨੂੰ ਲਗਾਤਾਰ ਦੋ ਡਰਾਅ ਕੱਢੇ ਗਏ ਅਤੇ ਇਨ੍ਹਾਂ ਰਾਹੀਂ ਸਾਢੇ ਤਿੰਨ ਹਜ਼ਾਰ ਉਮੀਦਵਾਰਾਂ ਨੂੰ ਪੀ.ਆਰ. ਦਾ ਸੱਦਾ ਦਿਤਾ ਗਿਆ। ਭਾਵੇਂ ਸਾਧਾਰਣ ਉਮੀਦਵਾਰਾਂ ਲਈ ਕੌਂਪਰੀਹੈਂਸਿਵ ਰੈਂਕਿੰਗ ਸਿਸਟਮ ਮੌਜੂਦਾ ਵਰ੍ਹੇ ਦੌਰਾਨ ਕਾਫੀ ਉਚਾ ਰਿਹਾ ਹੈ ਪਰ ਫਰੈਂਚ ਭਾਸ਼ਾ ਦੇ ਜਾਣਕਾਰਾਂ ਲਈ ਇਸ ਦਾ ਹੇਠਲਾ ਪੱਧਰ 388 ਵੀ ਦਰਜ ਕੀਤਾ ਗਿਆ। ਇਸ ਰੁਝਾਨ ਨੂੰ ਵੇਖਦਿਆਂ ਹੁਣ ਭਾਰਤੀ ਲੋਕ ਵੀ ਫਰੈਂਚ ਭਾਸ਼ਾ ਸਿੱਖਣ ਨੂੰ ਤਰਜੀਹ ਦੇ ਰਹੇ ਹਨ ਜਿਸ ਨਾਲ ਪੀ.ਆਰ. ਮਿਲਣ ਦੇ ਮੌਕੇ ਬੇਹੱਦ ਵਧ ਜਾਂਦੇ ਹਨ। ਦੱਸ ਦੇਈਏ ਕਿ ਕੈਨੇਡਾ ਸਰਕਾਰ ਵੱਲੋਂ ਮੌਜੂਦਾ ਵਰ੍ਹੇ ਦੌਰਾਨ 4 ਲੱਖ 85 ਹਜ਼ਾਰ ਪ੍ਰਵਾਸੀਆਂ ਨੂੰ ਪੀ.ਆਰ. ਦਿਤੀ ਜਾਣੀ ਹੈ ਜਦਕਿ 2025 ਵਿਚ ਇਹ ਗਿਣਤੀ ਵਧਾ ਕੇ 5 ਲੱਖ ਕਰ ਦਿਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News