ਆਪਣੀ ਲਾਈ ਅੱਗ ਦਾ ਸੇਕ ; ਧਮਾਕਿਆਂ ਨਾਲ ਕੰਬ ਉੱਠਿਆ ਗੁਆਂਢੀ ਮੁਲਕ ! ਕਈ ਲੋਕਾਂ ਦੀ ਮੌਤ ਦਾ ਖ਼ਦਸ਼ਾ
Monday, Nov 24, 2025 - 10:08 AM (IST)
ਇੰਟਰਨੈਸ਼ਨਲ ਡੈਸਕ- ਗੁਆਂਢੀ ਮੁਲਕ ਪਾਕਿਸਤਾਨ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਉੱਤਰ-ਪੱਛਮੀ ਸ਼ਹਿਰ ਪੇਸ਼ਾਵਰ ਵਿੱਚ ਅਰਧ ਸੈਨਿਕ ਬਲਾਂ ਦੇ ਹੈੱਡਕੁਆਰਟਰ 'ਤੇ ਅਚਾਨਕ ਬੰਦੂਕਧਾਰੀਆਂ ਨੇ ਹਮਲਾ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਇਸ ਹਮਲੇ ਵਿੱਚ ਘੱਟੋ-ਘੱਟ 2 ਧਮਾਕਿਆਂ ਦੀ ਆਵਾਜ਼ ਸੁਣੀ ਗਈ ਹੈ, ਜਿਸ ਕਾਰਨ ਪੂਰਾ ਇਲਾਕਾ ਦਹਿਲ ਗਿਆ ਹੈ।
ਰਿਪੋਰਟਾਂ ਅਨੁਸਾਰ ਇਸ ਕੰਪਲੈਕਸ ਨੂੰ 2 ਆਤਮਘਾਤੀ ਹਮਲਾਵਰਾਂ ਨੇ ਨਿਸ਼ਾਨਾ ਬਣਾਇਆ, ਜਿਸ ਕਾਰਨ ਘੱਟੋ-ਘੱਟ 3 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇੱਕ ਸੀਨੀਅਰ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲੇ ਆਤਮਘਾਤੀ ਹਮਲਾਵਰ ਨੇ ਫੋਰਸ ਦੇ ਮੇਨ ਐਂਟਰੀ ਗੇਟ 'ਤੇ ਹਮਲਾ ਕੀਤਾ, ਜਦੋਂ ਕਿ ਦੂਜਾ ਕੰਪਾਊਂਡ ਦੇ ਅੰਦਰ ਦਾਖਲ ਹੋ ਗਿਆ।
ਹਮਲੇ ਤੋਂ ਤੁਰੰਤ ਬਾਅਦ ਫੌਜ ਅਤੇ ਪੁਲਸ ਸਮੇਤ ਸੁਰੱਖਿਆ ਕਰਮਚਾਰੀਆਂ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਲਈ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਹੈੱਡਕੁਆਰਟਰ ਦੇ ਅੰਦਰ ਅਜੇ ਵੀ ਕੁਝ ਅੱਤਵਾਦੀ ਮੌਜੂਦ ਹੋ ਸਕਦੇ ਹਨ ਤੇ ਇਸ ਤੋਂ ਬਾਅਦ ਇਲਾਕੇ 'ਚ ਲਗਾਤਾਰ ਗੋਲ਼ੀਆਂ ਦੀ ਆਵਾਜ਼ ਆ ਰਹੀ ਹੈ।
ਜ਼ਿਕਰਯੋਗ ਹੈ ਕਿ ਇਹ ਹਮਲਾ ਵਧ ਰਹੇ ਖੇਤਰੀ ਤਣਾਅ ਅਤੇ ਬਲੋਚਿਸਤਾਨ ਵਿੱਚ ਲੰਬੇ ਸਮੇਂ ਤੋਂ ਚੱਲ ਰਹੀ ਬਗਾਵਤ ਦੇ ਦੌਰਾਨ ਹੋਇਆ ਹੈ। 2024 ਵਿੱਚ, ਇਕੱਲੇ ਬਲੋਚਿਸਤਾਨ ਵਿੱਚ ਇਸ ਸੰਘਰਸ਼ ਕਾਰਨ 782 ਲੋਕਾਂ ਦੀ ਜਾਨ ਗਈ ਹੈ ਅਤੇ ਜਨਵਰੀ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਹਮਲਿਆਂ ਵਿੱਚ 430 ਤੋਂ ਵੱਧ ਲੋਕ, ਜ਼ਿਆਦਾਤਰ ਸੁਰੱਖਿਆ ਕਰਮਚਾਰੀ, ਮਾਰੇ ਜਾ ਚੁੱਕੇ ਹਨ।
