1 ਕਰੋੜ ਤਨਖ਼ਾਹ, ਫ਼ਿਰ ਵੀ ਕੰਮ ਕਰਨ ਲਈ ਰਾਜ਼ੀ ਨਹੀਂ ਹੋ ਰਹੇ ਲੋਕ ! ਅਮਰੀਕਾ ''ਚ ਖੜ੍ਹਾ ਹੋਇਆ ਨਵਾਂ ਸੰਕਟ
Monday, Nov 17, 2025 - 03:50 PM (IST)
ਇੰਟਰਨੈਸ਼ਨਲ ਡੈਸਕ- ਇਕ ਪਾਸੇ ਟਰੰਪ ਦੀ ਅਗਵਾਈ ਵਾਲਾ ਅਮਰੀਕੀ ਪ੍ਰਸ਼ਾਸਨ ਪ੍ਰਵਾਸੀਆਂ ਖ਼ਿਲਾਫ਼ ਸਖ਼ਤ ਕਾਰਵਾਈਆਂ ਕਰਨ 'ਚ ਲੱਗਾ ਹੋਇਆ ਹੈ, ਉੱਥੇ ਹੀ ਦੇਸ਼ 'ਚ ਇੱਕ ਅਨੋਖਾ ਅਤੇ ਗੰਭੀਰ ਸੰਕਟ ਪੈਦਾ ਹੋ ਗਿਆ ਹੈ। ਇੱਥੇ ਲੱਖਾਂ ਨੌਜਵਾਨ ਰੁਜ਼ਗਾਰ ਦੀ ਤਲਾਸ਼ ਵਿੱਚ ਹਨ, ਪਰ ਉੱਥੇ ਹੀ ਪਲੰਬਰ, ਵੈਲਡਰ, ਇਲੈਕਟ੍ਰੀਸ਼ੀਅਨ ਅਤੇ ਆਟੋ ਮਕੈਨਿਕ ਵਰਗੇ ਹੁਨਰਮੰਦ ਕਾਮਿਆਂ ਦੀ ਭਾਰੀ ਕਮੀ ਹੈ।
ਇਹ ਸੰਕਟ ਇੰਨਾ ਡੂੰਘਾ ਹੋ ਚੁੱਕਾ ਹੈ ਕਿ ਕੰਪਨੀਆਂ ਇਨ੍ਹਾਂ ਅਹੁਦਿਆਂ ਲਈ ਸਾਲਾਨਾ 1 ਕਰੋੜ ਰੁਪਏ (1,20,000 ਡਾਲਰ) ਤੱਕ ਦੀ ਤਨਖਾਹ ਦੇਣ ਲਈ ਤਿਆਰ ਹਨ, ਜੋ ਕਿ ਅਮਰੀਕੀ ਔਸਤ ਤਨਖਾਹ ਤੋਂ ਲਗਭਗ ਦੁੱਗਣੀ ਹੈ, ਪਰ ਫਿਰ ਵੀ ਯੋਗ ਉਮੀਦਵਾਰ ਨਹੀਂ ਮਿਲ ਰਹੇ।
ਸੈਂਕੜੇ ਵ੍ਹਾਈਟ-ਕਾਲਰ ਨੌਕਰੀਆਂ ਦੇ ਮੁਕਾਬਲੇ, ਅਮਰੀਕਾ ਵਿੱਚ ਇਸ ਸਮੇਂ 10 ਲੱਖ ਤੋਂ ਵੱਧ ਜ਼ਰੂਰੀ ਅਹੁਦੇ ਖਾਲੀ ਪਏ ਹਨ। ਇਹ ਕਮੀ ਟੈਕਨਾਲੋਜੀ ਤੋਂ ਲੈ ਕੇ ਆਟੋਮੋਟਿਵ ਨਿਰਮਾਣ ਤੱਕ, ਵੱਡੇ ਉਦਯੋਗਾਂ ਵਿੱਚ ਰੁਕਾਵਟਾਂ ਪੈਦਾ ਕਰ ਰਹੀ ਹੈ। ਮਾਹਿਰ ਚਿਤਾਵਨੀ ਦੇ ਰਹੇ ਹਨ ਕਿ ਜੇਕਰ ਇਸ ਕਮੀ ਨੂੰ ਜਲਦੀ ਦੂਰ ਨਾ ਕੀਤਾ ਗਿਆ ਤਾਂ ਇਸ ਦਾ ਦੇਸ਼ ਦੇ ਜਨਤਕ ਬੁਨਿਆਦੀ ਢਾਂਚੇ, ਸਪਲਾਈ ਚੇਨ ਅਤੇ ਸਮੁੱਚੀ ਆਰਥਿਕ ਗੁਣਵੱਤਾ 'ਤੇ ਮਾੜਾ ਅਸਰ ਪਵੇਗਾ।
ਇਹ ਵੀ ਪੜ੍ਹੋ- ਸਾਊਦੀ 'ਚ ਭਾਰਤੀ ਨਾਗਰਿਕਾਂ ਨਾਲ ਵਾਪਰਿਆ ਭਿਆਨਕ ਹਾਦਸਾ, 42 ਲੋਕਾਂ ਦੀ ਗਈ ਜਾਨ
ਇਸ ਸੰਕਟ ਦੇ ਪਿੱਛੇ ਮੁੱਖ ਕਾਰਨ ਇਨ੍ਹਾਂ ਹਾਈ ਸਕਿੱਲਡ ਟ੍ਰੇਡਾਂ ਨੂੰ ਸਮਾਜਿਕ ਤੌਰ 'ਤੇ ਨੀਵਾਂ ਦਰਜਾ ਦੇਣਾ ਹੈ। ਦਹਾਕਿਆਂ ਤੋਂ ਇਨ੍ਹਾਂ 'ਬਲੂ-ਕਾਲਰ' ਨੌਕਰੀਆਂ ਨੂੰ ਅੱਖੋਂ-ਪਰੋਖੇ ਕੀਤਾ ਗਿਆ ਹੈ, ਜਦੋਂ ਕਿ ਆਈ.ਟੀ. ਪੇਸ਼ੇਵਰਾਂ ਨੂੰ ਸਮਾਜ 'ਚ ਉੱਚਾ ਰੁਤਬਾ ਦਿੱਤਾ ਜਾਂਦਾ ਹੈ। ਜ਼ਿਆਦਾਤਰ ਮਾਪੇ ਆਪਣੇ ਬੱਚਿਆਂ ਨੂੰ ਵ੍ਹਾਈਟ-ਕਾਲਰ ਨੌਕਰੀ ਜਾਂ ਘੱਟੋ-ਘੱਟ ਚਾਰ ਸਾਲਾਂ ਦੀ ਡਿਗਰੀ ਲੈਣ ਲਈ ਪ੍ਰੇਰਿਤ ਕਰਦੇ ਹਨ। ਤਨਖਾਹਾਂ ਵਿੱਚ ਵਾਧਾ ਵੀ ਇਸ ਡੂੰਘੀ ਸਮਾਜਿਕ ਸੋਚ ਨੂੰ ਬਦਲ ਨਹੀਂ ਸਕਿਆ ਹੈ, ਜਿਸ ਕਾਰਨ ਇਹ ਸੰਕਟ ਪੈਦਾ ਹੋ ਰਿਹਾ ਹੈ।
ਹਾਈ ਸਕਿੱਲਡ ਤਕਨੀਸ਼ੀਅਨ ਬਣਨ ਲਈ ਸਾਲਾਂ ਦੀ ਟ੍ਰੇਨਿੰਗ ਅਤੇ ਅਨੁਭਵ ਦੀ ਲੋੜ ਹੁੰਦੀ ਹੈ। ਵੋਕੇਸ਼ਨਲ ਸਿੱਖਿਆ ਅਤੇ ਅਪ੍ਰੈਂਟਿਸਸ਼ਿਪ ਪ੍ਰੋਗਰਾਮਾਂ ਵਿੱਚ ਕੀਤੇ ਗਏ ਘੱਟ ਨਿਵੇਸ਼ ਨੇ ਇਸ ਸੰਕਟ ਨੂੰ ਹੋਰ ਡੂੰਘਾ ਕਰ ਦਿੱਤਾ ਹੈ, ਜਿਸ ਕਾਰਨ ਭਾਰੀ ਤਨਖ਼ਾਹਾਂ ਮਿਲਣ ਦੇ ਬਾਵਜੂਦ ਵੀ ਲੋਕ ਇਨ੍ਹਾਂ ਕੰਮਾਂ 'ਚ ਜ਼ਿਆਦਾ ਰੁਚੀ ਨਹੀਂ ਦਿਖਾ ਰਹੇ।
ਇਹ ਵੀ ਪੜ੍ਹੋ- ਪ੍ਰਵਾਸੀਆਂ ਤੋਂ ਤੰਗ ਆ ਗਿਆ ਬ੍ਰਿਟੇਨ, ਇਨ੍ਹਾਂ ਦੇਸ਼ਾਂ ਦੇ ਲੋਕਾਂ ਲਈ ਕਰੇਗਾ ਵੀਜ਼ਾ ਬੈਨ! ਆ ਗਈ ਪੂਰੀ LIST
