ਚੀਨ ਨੂੰ ਵੱਡਾ ਝਟਕਾ : ਰੂਸ ਨੇ ਐਸ-400 ਦੀ ਡਿਲੀਵਰੀ ''ਤੇ ਲਾਈ ਰੋਕ
Monday, Jul 27, 2020 - 11:39 PM (IST)

ਮਾਸਕੋ - ਭਾਰਤ ਨਾਲ ਤਣਾਅ ਤੋਂ ਬਾਅਦ ਚੀਨ ਨੂੰ ਚਾਰੋਂ ਪਾਸਿਓ ਝਟਕੇ ਲੱਗ ਰਹੇ ਹਨ। ਪਹਿਲਾਂ ਅਮਰੀਕਾ ਨੇ ਹਿਊਸਨ ਸਥਿਤ ਚੀਨੀ ਵਣਜ ਦੂਤਘਰ ਨੂੰ ਬੰਦ ਕੀਤਾ, ਉਥੇ ਹੁਣ ਰੂਸ ਨੇ ਐਲਾਨ ਕੀਤਾ ਹੈ ਕਿ ਉਸ ਨੇ ਚੀਨ ਨੂੰ ਦਿੱਤੀ ਜਾਣ ਵਾਲੀ ਐਸ-400 ਮਿਜ਼ਾਈਲ ਡਿਫੈਂਸ ਸਿਸਟਮ ਦੀ ਸਪਲਾਈ 'ਤੇ ਤੱਤਕਾਲ ਰੋਕ ਲਾ ਦਿੱਤੀ ਹੈ।
ਐਸ-400 ਉੱਨਤ ਪ੍ਰਣਾਲੀ ਵਾਲਾ ਮਿਜ਼ਾਈਲ ਸਿਸਟਮ ਹੈ, ਜਿਸ ਵਿਚ ਸਤਿਹ ਤੋਂ ਹਵਾ ਵਿਚ ਢੇਰ ਕਰਨ ਦੀ ਸਮਰੱਥਾ ਹੈ। ਰੂਸ ਨੇ ਡਿਲੀਵਰੀ 'ਤੇ ਰੋਕ ਲਾਉਂਦੇ ਹੋਏ ਕਿਹਾ ਹੈ ਕਿ ਭਵਿੱਖ ਵਿਚ ਐਸ-400 ਦੀ ਡਿਲੀਵਰੀ ਨੂੰ ਲੈ ਕੇ ਤਰੀਕ ਨਿਰਧਾਰਤ ਕੀਤੀ ਜਾਵੇਗੀ।
ਚੀਨੀ ਅਖਬਾਰ ਦੇ ਹਵਾਲੇ ਤੋਂ ਰੂਸੀ ਮੀਡੀਆ ਏਜੰਸੀ ਨੇ ਰਿਪੋਰਟ ਦਿੱਤੀ। ਇਸ ਵਾਰ ਰੂਸ ਨੇ ਐਲਾਨ ਕੀਤਾ ਹੈ ਕਿ ਉਹ ਐਸ-400 ਮਿਜ਼ਾਈਲ ਸਿਸਟਮ ਨੂੰ ਚੀਨ ਨੂੰ ਸੌਂਪਣ 'ਤੇ ਰੋਕ ਲਾ ਰਿਹਾ ਹੈ। ਰੂਸ ਦਾ ਕਹਿਣਾ ਹੈ ਕਿ ਇਨਾਂ ਹਥਿਆਰਾਂ ਨੂੰ ਪਹੁੰਚਾਉਣ ਦਾ ਕੰਮ ਕਾਫੀ ਮੁਸ਼ਕਿਲ ਹੈ, ਕਿਉਂਕਿ ਚੀਨ ਨੂੰ ਟ੍ਰੇਨਿੰਗ ਲਈ ਫੌਜ ਦੇ ਜਵਾਨ ਅਤੇ ਤਕਨੀਕੀ ਸਟਾਫ ਭੇਜਣਾ ਪੈਂਦਾ। ਉਥੇ ਰੂਸ ਨੂੰ ਵੀ ਹਥਿਆਰਾਂ ਨੂੰ ਸੇਵਾ ਵਿਚ ਲਿਆਉਣ ਲਈ ਵੱਡੀ ਗਿਣਤੀ ਵਿਚ ਆਪਣੇ ਤਕਨੀਕੀ ਕਰਮੀਆਂ ਨੂੰ ਬੀਜ਼ਿੰਗ ਭੇਜਣਾ ਪੈਂਦਾ, ਜੋ ਕਿ ਮੌਜੂਦਾ ਦੌਰ ਵਿਚ ਕਾਫੀ ਮੁਸ਼ਕਿਲ ਕੰਮ ਹੈ।
ਰੂਸ ਵੱਲੋਂ ਮਿਜ਼ਾਈਲਾਂ ਦੀ ਸਪਲਾਈ ਮੁਅੱਤਲ ਕੀਤੇ ਜਾਣ ਤੋਂ ਬਾਅਦ ਚੀਨ ਦਾ ਕਹਿਣਾ ਹੈ ਕਿ ਮਾਸਕੋ ਨੂੰ ਇਹ ਕਦਮ ਮਜ਼ਬੂਰੀ ਵਿਚ ਚੁੱਕਣਾ ਪੈਂਦਾ ਹੈ, ਕਿਉਂਕਿ ਉਹ ਨਹੀਂ ਚਾਹੁੰਦਾ ਹੈ ਕਿ ਕੋਰੋਨਾਵਾਇਰਸ ਨਾਲ ਨਜਿੱਠਣ ਵਿਚ ਲੱਗੀ ਚੀਨੀ ਕਮਿਊਨਿਸਟ ਪਾਰਟੀ ਦਾ ਧਿਆਨ ਭਟਕੇ।
400 ਕਿਲੋਮੀਟਰ ਦੂਰ ਟੀਚੇ ਨੂੰ ਤਬਾਹ ਕਰਨ 'ਚ ਸਮਰੱਥ ਹੈ ਮਿਜ਼ਾਈਲ
ਇਕ ਮਿਲਟਰੀ ਡਿਪਲੋਮੈਟ ਸੂਤਰ ਨੇ ਦੱਸਿਆ ਕਿ 2018 ਵਿਚ ਚੀਨ ਨੂੰ ਐਸ-400 ਮਿਜ਼ਾਈਲ ਦਾ ਪਹਿਲਾ ਬੈਚ ਮਿਲਿਆ ਸੀ। ਐਸ-400 ਹਵਾਈ ਰੱਖਿਆ ਮਿਜ਼ਾਈਲ ਸਿਸਟਮ ਨੂੰ ਰੂਸ ਵਿਚ ਆਪਣੀ ਤਰ੍ਹਾਂ ਦੀ ਸਭ ਤੋਂ ਉੱਨਤ ਪ੍ਰਣਾਲੀ ਮੰਨਿਆ ਜਾਂਦਾ ਹੈ, ਜੋ ਕਿ 400 ਕਿਲੋਮੀਟਰ ਦੀ ਦੂਰੀ ਅਤੇ 30 ਕਿਲੋਮੀਟਰ ਦੀ ਉਚਾਈ ਤੱਕ ਟੀਚੇ ਨੂੰ ਤਬਾਹ ਕਰਨ ਵਿਚ ਸਮਰੱਥ ਹੈ।