ਟੋਕੀਓ ਓਲੰਪਿਕ ਪ੍ਰੋਗਰਾਮ ’ਚ ਨਹੀਂ ਸ਼ਾਮਲ ਹੋਣਗੇ ਬਾਈਡੇਨ
Tuesday, Jun 29, 2021 - 02:20 PM (IST)
ਵਾਸ਼ਿੰਗਟਨ (ਵਾਰਤਾ) : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਆਗਾਮੀ 23 ਜੁਲਾਈ ਤੋਂ ਟੋਕੀਓ ਵਿਚ ਆਯੋਜਿਤ ਹੋਣ ਵਾਲੇ ਗਰਮੀਆਂ ਦੇ ਓਲੰਪਿਕ ਦੇ ਪ੍ਰੋਗਰਾਮ ਵਿਚ ਮੌਜੂਦ ਨਹੀਂ ਹੋਣਗੇ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਸਾਕੀ ਮੁਤਾਬਕ ਰਾਸ਼ਟਰਪਤੀ ਟੋਕੀਓ ਓਲੰਪਿਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਦੀ ਕੋਈ ਯੋਜਨਾ ਨਹੀਂ ਬਣਾ ਰਹੇ। ਉਨ੍ਹਾਂ ਕਿਹਾ ਕਿ ਇਕ ਅਮਰੀਕੀ ਪ੍ਰਤੀਨਿਧੀ ਮੰਡਲ ਓਲੰਪਿਕ ਪ੍ਰੋਗਰਾਮਾਂ ਵਿਚ ਹਿੱਸਾ ਲਵੇਗਾ।
ਪਿਛਲੇ ਹਫ਼ਤੇ ਜਾਪਾਨ ਦੇ ਇਕ ਸਮਾਚਾਰ ਪੱਤਰ ਨੇ ਆਪਣੀ ਰਿਪੋਰਟ ਵਿਚ ਕਿਹਾ ਸੀ ਕਿ ਅਮਰੀਕਾ ਦੀ ਪਹਿਲੀ ਮਹਿਲਾ ਜਿਲ ਬਾਈਡੇਨ ਦੇ ਓਲੰਪਿਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਅਮਰੀਕੀ ਅਧਿਕਾਰੀਆਂ ਨੇ ਹਾਲਾਂਕਿ ਜਿਲ ਬਾਈਡੇਨ ਦੇ ਜਾਪਾਨ ਓਲੰਪਿਕ ਪ੍ਰੋਗਰਾਮ ਵਿਚ ਹਿੱਸਾ ਲੈਣ ਦੀ ਪੁਸ਼ਟੀ ਨਹੀਂ ਕੀਤੀ ਹੈ। ਇਸ ਤੋਂ ਪਹਿਲਾਂ 2008 ਵਿਚ ਬੀਜਿੰਗ ਓਲੰਪਿਕ ਪ੍ਰੋਗਰਾਮ ਵਿਚ ਉਸ ਸਮੇਂ ਦੇ ਰਾਸ਼ਟਰਪਤੀ ਜੋਰਜ ਡਬਲਯੂ ਬੂਸ਼ ਸ਼ਾਮਲ ਹੋਏ ਸਨ।