‘ਡਿਜੀਟਲ ਸਿਖਰ ਸੰਮੇਲਨ’ ਲਈ ਬਾਈਡੇਨ ਨੇ ਮੋਦੀ ਸਮੇਤ ਵਿਸ਼ਵ ਦੇ 40 ਨੇਤਾਵਾਂ ਨੂੰ ਦਿੱਤਾ ਸੱਦਾ
Saturday, Mar 27, 2021 - 06:18 PM (IST)
ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਵਿਸ਼ਵ ਦੇ 40 ਨੇਤਾਵਾਂ ਨੂੰ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਸਬੰਧੀ ਗੱਲਬਾਤ ਦੇ ਮਕਸਦ ਨਾਲ ਆਯੋਜਿਤ ਹੋਣ ਵਾਲੇ ‘ਨੇਤਾਵਾਂ ਦੇ ਸਿਖਰ’ ਸੰਮੇਲਨ ਲਈ ਸੱਦਾ ਦਿੱਤਾ ਹੈ। ਇਸ ਸਿਖਰ ਸੰਮੇਲਨ ਦਾ ਮਕਸਦ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਠੋਸ ਕਦਮ ਚੁੱਕਣ ਦੇ ਆਰਥਿਕ ਲਾਭ ਅਤੇ ਮਹੱਤਵ ਨੂੰ ਰੇਖਾਂਕਿਤ ਕਰਨਾ ਹੈ।
ਬਾਈਡੇਨ 22 ਅਪ੍ਰੈਲ ਨੂੰ ਧਰਤੀ ਦਿਵਸ ’ਤੇ ਵਿਸ਼ਵ ਦੇ ਨੇਤਾਵਾਂ ਦੇ ਦੋ ਦਿਨਾ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਨਗੇ, ਜਿਸ ’ਚ ਉਹ 2030 ਤੱਕ ਕਾਰਬਨ ਉਤਸਰਜਨ ਘੱਟ ਕਰਨ ਦੇ ਅਮਰੀਕਾ ਦੇ ਟੀਚੇ ਦੀ ਰੂਪ-ਰੇਖਾ ਪੇਸ਼ ਕਰਨਗੇ, ਜਿਸ ਨੂੰ ਇਤਿਹਾਸਕ ਪੈਰਿਸ ਸਮਝੌਤੇ ਅਧੀਨ ਰਾਸ਼ਟਰੀ ਨਿਰਧਾਰਤ ਯੋਗਦਾਨ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਵ੍ਹਾਈਟ ਹਾਊਸ ਨੇ ਸ਼ੁੱਕਰਵਾਰ ਕਿਹਾ, ‘‘ਇਹ ਗਲਾਸਗੋ ’ਚ ਇਸ ਸਾਲ ਨਵੰਬਰ ’ਚ ਹੋਣ ਵਾਲੇ ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਸੰਮੇਲਨ (ਸੀ. ਓ. ਪੀ. 26) ਦੇ ਰਸਤੇ ਵਿਚ ਇਕ ਮੀਲ ਦਾ ਪੱਥਰ ਹੋਵੇਗਾ।’’
ਉਸ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ, ਰੂਸ ਦੇ ਵਲਾਦੀਮੀਰ ਪੁਤਿਨ, ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ, ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ, ਸਾਊਦੀ ਅਰਬ ਦੇ ਸ਼ਾਹ ਸਲਮਾਨ ਬਿਨ ਅਬਦੁਲ ਅਜ਼ੀਜ਼ ਅਲ ਸਊਦ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਸਮੇਤ 40 ਨੇਤਾਵਾਂ ਨੂੰ ਸਿਖਰ ਸੰਮੇਲਨ ਲਈ ਸੱਦਾ ਦਿੱਤਾ ਗਿਆ ਹੈ, ਜਿਸ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।
ਇਨ੍ਹਾਂ ਨੇਤਾਵਾਂ ਤੋਂ ਇਲਾਵਾ ਦੱਖਣੀ ਏਸ਼ੀਆ ਤੋਂ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਭੂਟਾਨ ਦੇ ਪ੍ਰਧਾਨ ਮੰਤਰੀ ਲੋਤੇ ਸ਼ੇਰਿੰਗ ਨੂੰ ਵੀ ਸੰਮੇਲਨ ’ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਵ੍ਹਾਈਟ ਹਾਊਸ ਨੇ ਕਿਹਾ ਕਿ ਇਸ ਸਿਖਰ ਸੰਮੇਲਨ ਅਤੇ ਸੀ. ਓ. ਪੀ. 26 ਦਾ ਮੁੱਖ ਟੀਚਾ ਵਿਸ਼ਵ ਪੱਧਰੀ ਤਾਪਮਾਨ ਨੂੰ 1.5 ਡਿਗਰੀ ਸੈਲਸੀਅਸ ਤੋਂ ਹੇਠਾਂ ਰੱਖਣ ਦੇ ਯਤਨਾਂ ਨੂੰ ਰਫਤਾਰ ਦੇਣਾ ਹੈ।