ਰਾਜਸਥਾਨ ਦੇ ਦੋ ਨਸ਼ਾ ਤਸਕਰ ਅਫ਼ੀਮ ਸਮੇਤ ਗ੍ਰਿਫ਼ਤਾਰ
Monday, Oct 06, 2025 - 05:13 PM (IST)

ਅਬੋਹਰ (ਸੁਨੀਲ) : ਸਿਟੀ ਪੁਲਸ ਸਟੇਸ਼ਨ ਨੰਬਰ-1 ਨੇ ਬੀਤੇ ਦਿਨ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ, ਜਦੋਂ ਰਾਤ ਦੀ ਗਸ਼ਤ ਦੌਰਾਨ ਪੁਲਸ ਟੀਮ ਨੇ ਰਾਜਸਥਾਨ ਤੋਂ ਦੋ ਨਸ਼ਾ ਤਸਕਰਾਂ ਨੂੰ 700 ਗ੍ਰਾਮ ਅਫ਼ੀਮ ਸਮੇਤ ਗ੍ਰਿਫ਼ਤਾਰ ਕੀਤਾ। ਇਨ੍ਹਾਂ ਨੌਜਵਾਨਾਂ ਵਿੱਚੋਂ ਇੱਕ ਦਾ ਪਿਤਾ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਵਿੱਚ ਟਰੱਕ ਯੂਨੀਅਨ ਦਾ ਸਾਬਕਾ ਪ੍ਰਧਾਨ ਹੈ। ਗ੍ਰਿਫ਼ਤਾਰ ਨੌਜਵਾਨਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਨ ਤੋਂ ਬਾਅਦ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦੇ ਹੋਏ, ਸਟੇਸ਼ਨ ਨੰਬਰ-1 ਦੇ ਇੰਚਾਰਜ ਪਰਮਜੀਤ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ, ਕਾਂਸਟੇਬਲ ਹਰਸ਼ ਕੁਮਾਰ, ਰਾਕੇਸ਼ ਅਤੇ ਹੋਰ ਪੁਲਸ ਕਰਮਚਾਰੀ ਹਨੂੰਮਾਨਗੜ੍ਹ ਪੁਲ ਨੇੜੇ ਗਸ਼ਤ ਕਰ ਰਹੇ ਸਨ, ਜਦੋਂ ਦੋ ਨੌਜਵਾਨਾਂ ਨੂੰ ਪੁਲ ਦੇ ਹੇਠਾਂ ਇੱਕ ਬਿ੍ਰਜ਼ਾ ਕਾਰ ਵਿੱਚ ਸ਼ੱਕੀ ਢੰਗ ਨਾਲ ਬੈਠੇ ਦੇਖਿਆ ਗਿਆ, ਜੋ ਕਿਸੇ ਦੀ ਉਡੀਕ ਕਰ ਰਹੇ ਸਨ।
ਜਦੋਂ ਉਹ ਮੌਕੇ ’ਤੇ ਪਹੁੰਚੇ ਅਤੇ ਕਾਰ ਖੋਲ੍ਹ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਤੋਂ 700 ਗ੍ਰਾਮ ਅਫ਼ੀਮ ਬਰਾਮਦ ਹੋਈ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਸੁਨੀਲ ਪੁੱਤਰ ਕਨ੍ਹਈਆ ਲਾਲ ਵਾਸੀ ਐੱਲ. ਐੱਲ. ਪੀ. ਸ੍ਰੀ ਗੰਗਾਨਗਰ ਅਤੇ ਸੌਰਵ ਪੁੱਤਰ ਭੇਪੇਂਦਰ ਵਾਸੀ ਪਿੰਡ ਤੜਵਾਲਾ, ਜ਼ਿਲ੍ਹਾ ਸ੍ਰੀ ਗੰਗਾਨਗਰ ਵਜੋਂ ਹੋਈ ਹੈ। ਪੁਲਸ ਨੇ ਦੋਹਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਪੁਲਸ ਰਿਮਾਂਡ ਦੌਰਾਨ ਦੋਵਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਹ ਰਾਜਸਥਾਨ ਤੋਂ ਪੰਜਾਬ ਲਿਆਂਦੀ ਗਈ ਅਫ਼ੀਮ ਕਿੱਥੇ ਸਪਲਾਈ ਕਰਨ ਜਾ ਰਹੇ ਸਨ।