ਬਾਈਡੇਨ ਨੇ ਦੂਜੇ ਕਾਰਜਕਾਲ ਲਈ ਚੋਣਾਂ ਲੜਨ ਦਾ ਦਿੱਤਾ ਸੰਕੇਤ
Saturday, Feb 04, 2023 - 03:34 PM (IST)

ਫਿਲਾਡੇਲਫੀਆ (ਭਾਸ਼ਾ) : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਸ਼ੁੱਕਰਵਾਰ ਰਾਤ ਨੂੰ ਡੈਮੋਕ੍ਰੇਟਿਕ ਪਾਰਟੀ ਦੀ ਮੀਟਿੰਗ ਦੌਰਾਨ ਦੂਜੇ ਕਾਰਜਕਾਲ ਲਈ ਉਮੀਦਵਾਰੀ ਪੇਸ਼ ਕਰਨ ਦਾ ਸੰਕੇਤ ਦਿੱਤਾ। ਮੀਟਿੰਗ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰਾਂ ਨੇ “ਚਾਰ ਹੋਰ ਸਾਲ” ਦੇ ਨਾਅਰੇ ਲਾਏ। ਹਾਲਾਂਕਿ ਇਸ ਸਬੰਧ 'ਚ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਬਾਈਡੇਨ ਨੇ 'ਡੈਮੋਕ੍ਰੇਟਿਕ ਨੈਸ਼ਨਲ ਕਮੇਟੀ' ਨੂੰ ਦਾਅਵਾ ਕੀਤਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਇੱਕ ਮਜ਼ਬੂਤ ਆਰਥਿਕਤਾ ਬਣਾਉਣ ਵਿੱਚ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਜਨਤਕ ਕੰਮਾਂ, ਸਿਹਤ ਦੇਖ਼ਭਾਲ ਅਤੇ ਗਰੀਨ ਤਕਨਾਲੋਜੀ ਵਿੱਚ ਦੇਸ਼ ਦੇ ਵੱਡੇ ਸੰਘੀ ਨਿਵੇਸ਼ ਕੀਤੇ ਹਨ। ਉਨ੍ਹਾਂ ਨੇ ਰਿਪਬਲਿਕਨ ਕੱਟੜਪੰਥੀ ਦੀ ਆਲੋਚਨਾ ਕੀਤੀ।
ਪਾਰਟੀ ਦੇ ਸੈਂਕੜੇ ਆਗੂਆਂ ਦੇ 'ਚਾਰ ਹੋਰ ਸਾਲ' ਦੇ ਨਾਅਰਿਆਂ ਦਰਮਿਆਨ ਉਨ੍ਹਾਂ ਨੇ ਪੁੱਛਿਆ, ''ਮੈਂ ਇਕ ਸਧਾਰਨ ਸਵਾਲ ਪੁੱਛਦਾ ਹਾਂ। ਕੀ ਤੁਸੀਂ ਮੇਰੇ ਨਾਲ ਹੋ?" ਬਾਅਦ ਵਿੱਚ, ਰਾਸ਼ਟਰਪਤੀ ਨੇ ਤਾੜੀਆਂ ਦੀ ਗੜਗੜਾਹਟ ਦੇ ਵਿਚਕਾਰ ਕਿਹਾ, "ਅਮਰੀਕਾ ਆਪਣੇ ਰੰਗ ਵਿੱਚ ਵਾਪਸ ਆ ਗਿਆ ਹੈ ਅਤੇ ਅਸੀਂ ਇੱਕ ਵਾਰ ਫਿਰ ਦੁਨੀਆ ਦੀ ਅਗਵਾਈ ਕਰ ਰਹੇ ਹਾਂ।" ਬਾਈਡੇਨ ਦਾ ਵੱਲੋਂ ਚੋਣ ਲੜਨ ਦਾ ਸੰਕੇਤ ਦੇਣਾ ਖਾਸ ਤੌਰ 'ਤੇ ਅਜਿਹੇ ਸਮੇਂ ਵਿਚ ਮਹੱਤਵਪੂਰਨ ਹੈ, ਜਦੋਂ ਉਨ੍ਹਾਂ 'ਤੇ ਗੁਪਤ ਦਸਤਾਵੇਜ਼ਾਂ ਨਾਲ ਸਬੰਧਤ ਜਾਂਚ ਨੂੰ ਲੈ ਕੇ ਦਬਾਅ ਵਧ ਰਿਹਾ ਹੈ।
ਇਹ ਵੀ ਪੜ੍ਹੋ: ਕੈਨੇਡਾ 'ਚ ਹੁਣ ਬਾਲਗ ਆਪਣੇ ਕੋਲ ਰੱਖ ਸਕਣਗੇ ਕੋਕੀਨ ਤੇ ਹੈਰੋਈਨ, ਨਹੀਂ ਹੋਵੇਗੀ ਗ੍ਰਿਫ਼ਤਾਰੀ
ਇਸ ਤੋਂ ਪਹਿਲਾਂ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਗਰਭਪਾਤ ਦੇ ਅਧਿਕਾਰਾਂ ਦੇ ਮੁੱਦੇ 'ਤੇ ਰਿਪਬਲਿਕਨ ਪਾਰਟੀ ਦੇ ਸਖ਼ਤ ਵਿਰੋਧ ਸਮੇਤ ਵੱਖ-ਵੱਖ ਮਾਮਲਿਆਂ 'ਤੇ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ। ਬਾਈਡੇਨ ਅਤੇ ਹੈਰਿਸ ਨੇ ਸ਼ੁੱਕਰਵਾਰ ਨੂੰ ਫਿਲਾਡੇਲਫੀਆ ਵਿੱਚ ਇੱਕ ਪਾਣੀ ਸ਼ੁੱਧੀਕਰਨ ਪਲਾਂਟ ਦਾ ਦੌਰਾ ਵੀ ਕੀਤਾ। ਬਾਈਡੇਨ ਨੇ ਅਗਲੇ ਹਫ਼ਤੇ ਦੇ ਸਟੇਟ ਆਫ ਦਿ ਯੂਨੀਅਨ ਭਾਸ਼ਣ ਤੋਂ ਪਹਿਲਾਂ ਰਾਜਨੀਤਿਕ ਏਕਤਾ ਦੀ ਮੰਗ ਕੀਤੀ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।