ਕੋਰੋਨਾ ਆਫ਼ਤ : ਬਾਈਡੇਨ ਸਰਕਾਰ ਨੇ ''ਮਾਸਕ'' ਦੇ ਲਾਜ਼ਮੀ ਆਦੇਸ਼ ਨੂੰ 3 ਮਈ ਤੱਕ ਵਧਾਇਆ
Thursday, Apr 14, 2022 - 06:25 PM (IST)
ਵਾਸ਼ਿੰਗਟਨ (ਏਜੰਸੀ): ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਵਿਚਕਾਰ ਬਾਈਡੇਨ ਪ੍ਰਸ਼ਾਸਨ ਨੇ ਘੋਸ਼ਣਾ ਕੀਤੀ ਹੈ ਕਿ ਉਹ ਹਵਾਈ ਜਹਾਜ਼ ਅਤੇ ਜਨਤਕ ਆਵਾਜਾਈ ਦੁਆਰਾ ਯਾਤਰਾ ਲਈ ਮਾਸਕ ਦੀ ਦੇਸ਼ ਵਿਆਪੀ ਜ਼ਰੂਰਤ ਨੂੰ 15 ਦਿਨਾਂ ਲਈ ਵਧਾ ਰਿਹਾ ਹੈ। ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ ਨੇ ਕਿਹਾ ਕਿ ਉਹ 18 ਅਪ੍ਰੈਲ ਨੂੰ ਖ਼ਤਮ ਹੋਣ ਵਾਲੇ ਆਦੇਸ਼ ਨੂੰ 3 ਮਈ ਤੱਕ ਵਧਾ ਰਿਹਾ ਹੈ। ਇਸ ਦੌਰਾਨ ਉਹ ਕੋਰੋਨਾ ਵਾਇਰਸ ਦੇ ਓਮੀਕਰੋਨ ਰੂਪ ਦੇ BA.2 ਉਪ ਕਿਸਮ ਦਾ ਅਧਿਐਨ ਕਰੇਗਾ ਜੋ ਕੋਵਿਡ ਮਹਾਮਾਰੀ ਦੇ ਜ਼ਿਆਦਾਤਰ ਮਾਮਲਿਆਂ ਲਈ ਜ਼ਿੰਮੇਵਾਰ ਹੈ।
ਏਜੰਸੀ ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਮਾਮਲਿਆਂ ਦੇ ਵਧਣ ਦਾ ਖਦਸ਼ਾ, ਹਸਪਤਾਲ ਵਿੱਚ ਦਾਖਲ ਹੋਣ ਅਤੇ ਸਿਹਤ ਸੰਭਾਲ ਪ੍ਰਣਾਲੀ ਦੀ ਸਮਰੱਥਾ ਆਦਿ ਦੀ ਸੰਭਾਵਨਾ ਦਾ ਮੁਲਾਂਕਣ ਕਰਨ ਲਈ ਸੀਡੀਸੀ ਦਾ ਆਦੇਸ਼ ਇਸ ਸਮੇਂ ਲਾਗੂ ਰਹੇਗਾ। ਉਹਨਾਂ ਮੁਤਾਬਕ ਜਦੋਂ ਆਵਾਜਾਈ ਸੁਰੱਖਿਆ ਪ੍ਰਸ਼ਾਸਨ ਨੇ ਪਿਛਲੇ ਮਹੀਨੇ ਮਿਆਦ ਨੂੰ ਵਧਾਇਆ ਸੀ ਤਾਂ ਉਸ ਨੇ ਮਾਸਕ ਦੀ ਜ਼ਰੂਰਤ ਬਾਰੇ ਕਿਹਾ ਸੀ ਕਿ ਸੀਡੀਸੀ ਇੱਕ ਵਧੇਰੇ ਲਚਕਦਾਰ ਸਾਵਧਾਨੀ ਰਣਨੀਤੀ ਤਿਆਰ ਕਰਨ ਦੀ ਉਮੀਦ ਕਰ ਰਹੀ ਹੈ ਜੋ ਦੇਸ਼ ਵਿਆਪੀ ਜ਼ਰੂਰਤ ਨੂੰ ਬਦਲ ਦੇਵੇਗੀ। ਬਾਈਡੇਨ ਸਰਕਾਰ ਨੇ 2020 ਤੋਂ ਪ੍ਰਭਾਵੀ ਸਿਹਤ ਐਮਰਜੈਂਸੀ ਨੂੰ 90 ਦਿਨਾਂ ਤੱਕ ਵਧਾ ਦਿੱਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਕੋਵਿਡ ਲਾਕਡਾਊਨ ਕਾਰਨ ਸ਼ੰਘਾਈ ਬੰਦ, ਚੀਨ ਨੂੰ ਹੋ ਰਿਹਾ ਵੱਡਾ ਨੁਕਸਾਨ
ਕਈ ਮਹੀਨਿਆਂ ਤੋਂ ਏਅਰਲਾਈਨਾਂ ਯਾਤਰੀਆਂ ਲਈ ਮਾਸਕ ਦੀ ਜ਼ਰੂਰਤ ਨੂੰ ਖ਼ਤਮ ਕਰਨ ਦੇ ਆਦੇਸ਼ ਦੀ ਮੰਗ ਕਰ ਰਹੀਆਂ ਸਨ। ਉਹਨਾਂ ਨੇ ਦਲੀਲ ਦਿੱਤੀ ਕਿ "ਆਧੁਨਿਕ ਜਹਾਜ਼ਾਂ ਵਿੱਚ ਪ੍ਰਭਾਵਸ਼ਾਲੀ 'ਏਅਰ ਫਿਲਟਰ' ਉਡਾਣ ਦੌਰਾਨ ਵਾਇਰਸ ਦੇ ਫੈਲਣ ਦੀ ਸੰਭਾਵਨਾ ਨੂੰ ਘੱਟ ਬਣਾਉਂਦੇ ਹਨ।" ਕਾਂਗਰਸ ਦੇ ਰਿਪਬਲਿਕਨ ਮੈਂਬਰਾਂ ਨੇ ਵੀ ਲਾਜ਼ਮੀ ਆਦੇਸ਼ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ।
ਨੋਟ- ਇਸ ਖ਼ਬਰ ਬਾਰੇ ਆਪਣੀ ਰਾਏ ਕੁਮੈਂਟ ਬਾਕਸ ਵਿਚ ਦਿਓ।