ਬਾਈਡੇਨ ਨੇ H-1B ਵੀਜ਼ਾ ਦੇ ਬੈਨ ਨੂੰ ਖਤਮ ਕਰਨ ਲਈ ਨਹੀਂ ਕੀਤਾ ਫੈਸਲਾ, 31 ਮਾਰਚ ਹੈ ਆਖਰੀ ਤਰੀਕ
Thursday, Mar 04, 2021 - 02:53 AM (IST)
ਵਾਸ਼ਿੰਗਟਨ - ਚੋਣ ਪ੍ਰਚਾਰ ਦੌਰਾਨ ਐੱਚ-1ਬੀ ਵੀਜ਼ਾ 'ਤੇ ਬੈਨ ਦਾ ਵਿਰੋਧ ਕਰਨ ਵਾਲੇ ਜੋ ਬਾਈਡੇਨ ਇਸ ਦੇ ਭਵਿੱਖ ਨੂੰ ਲੈ ਕੇ ਅਸਮੰਜਸ ਵਿਚ ਹਨ। ਬਾਈਡੇਨ ਪ੍ਰਸ਼ਾਸਨ ਅਜੇ ਤੱਕ ਇਹ ਤੈਅ ਨਹੀਂ ਕਰ ਪਾਇਆ ਹੈ ਕਿ ਬੈਨ ਜਾਰੀ ਰੱਖਿਆ ਜਾਵੇ ਜਾਂ ਇਸ ਨੂੰ ਖਤਮ ਕੀਤਾ ਜਾਵੇ। ਇਕ ਹਕੀਕਤ ਇਹ ਵੀ ਹੈ ਕਿ ਅਮਰੀਕੀ ਸਰਕਾਰ ਨੂੰ ਇਸ ਸਬੰਧੀ ਕੋਈ ਫੈਸਲਾ 31 ਮਾਰਚ ਤੋਂ ਪਹਿਲਾਂ ਲੈਣਾ ਹੋਵੇਗਾ ਕਿਉਂਕਿ ਬੈਨ ਦੀ ਮਿਆਦ ਇਸ ਦਿਨ ਖਤਮ ਹੋ ਜਾਵੇਗੀ। ਇਸ ਵੀਜ਼ੇ ਦੀ ਕੈਟੇਗਰੀ 'ਤੇ ਬੈਨ ਪਿਛਲੇ ਸਾਲ 24 ਜੂਨ ਨੂੰ ਲਾਇਆ ਗਿਆ ਸੀ ਅਤੇ ਇਸ ਦੀ ਮਿਆਦ 31 ਦਸੰਬਰ ਨੂੰ ਹੋ ਖਤਮ ਹੋ ਜਾਣੀ ਸੀ ਪਰ ਦਸੰਬਰ ਮਹੀਨੇ ਵਿਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਬੈਨ ਨੂੰ 31 ਮਾਰਚ ਤੱਕ ਵਧਾ ਦਿੱਤਾ ਸੀ।
ਅਫਸਰਾਂ ਨੂੰ ਫੈਸਲੇ ਦੀ ਜਾਣਕਾਰੀ ਨਹੀਂ
ਸੋਮਵਾਰ ਹੋਮਲੈਂਡ ਸਕਿਓਰਿਟੀ ਸੈਕੇਟਰੀ ਏਲਿਜਾਂਦ੍ਰੋ ਮਾਯੋਕਰਸ ਤੋਂ ਐੱਚ-1ਬੀ ਵੀਜ਼ਾ ਬੈਨ ਦੇ ਭਵਿੱਖ 'ਤੇ ਸਵਾਲ ਪੁੱਛਿਆ ਗਿਆ। ਉਨ੍ਹਾਂ ਕਿਹਾ ਕਿ ਪਹਿਲੀ ਤਰਜ਼ੀਹ ਲੋਕਾਂ ਨੂੰ ਪਰੇਸ਼ਾਨੀ ਤੋਂ ਬਚਾਉਣਾ ਹੈ। ਟਰੰਪ ਤੋਂ ਬਾਅਦ ਬਾਈਡੇਨ ਨੇ ਮੁਸਲਿਮ ਦੇਸ਼ਾਂ ਦੇ ਲੋਕਾਂ 'ਤੇ ਟ੍ਰੈਵਲ ਬੈਨ ਅਤੇ ਗ੍ਰੀਨ ਕਾਰਡ ਸਬੰਧੀ ਕਈ ਹੁਕਮ ਰੱਦ ਕਰ ਦਿੱਤੇ। ਹੁਣ ਤੱਕ ਐੱਚ-1ਬੀ ਵੀਜ਼ਾ 'ਤੇ ਬੈਨ ਨੂੰ ਨਹੀਂ ਹਟਾਇਆ ਗਿਆ। ਇਹ 31 ਮਾਰਚ ਨੂੰ ਖਤਮ ਹੋ ਜਾਵੇਗਾ। ਰਾਸ਼ਟਰਪਤੀ ਇਸ 'ਤੇ ਫੈਸਲਾ ਲੈਣਗੇ।
ਪਰੇਸ਼ਾਨੀ ਦਾ ਕਾਰਣ ਹੈ ਸਿਆਸੀ ਫੈਸਲਾ
ਟਰੰਪ ਨੇ ਜਦ ਐੱਚ-1ਬੀ ਵੀਜ਼ਾ 'ਤੇ ਬੈਨ ਲਾਉਣ ਦਾ ਫੈਸਲਾ ਕੀਤਾ ਸੀ ਉਦੋਂ ਇਸ ਦਾ ਸਿਆਸੀ ਕਾਰਣ ਜ਼ਿਆਦਾ ਸੀ। ਨਵੰਬਰ ਵਿਚ ਰਾਸ਼ਟਰਪਤੀ ਚੋਣਾਂ ਸਨ। ਕੋਰੋਨਾ ਕਾਲ ਵਿਚ ਉਥੇ ਬੇਰੁਜ਼ਗਾਰੀ ਵਧ ਰਹੀ ਸੀ। ਟਰੰਪ ਨੇ ਵੋਟਰਾਂ ਨੂੰ ਲੁਭਾਉਣ ਲਈ ਐੱਚ-1ਬੀ 'ਤੇ ਬੈਨ ਲਾਉਂਦੇ ਹੋਏ ਕਿਹਾ ਕਿ ਅਸੀਂ ਸਭ ਤੋਂ ਪਹਿਲਾਂ ਅਮਰੀਕੀ ਲੋਕਾਂ ਨੂੰ ਨੌਕਰੀ ਦੇਣਾ ਚਾਹੁੰਦੇ ਹਾਂ। ਇਹ ਦੇਸ਼ ਹੁਣ ਜ਼ਿਆਦਾ ਵਿਦੇਸ਼ੀ ਲੋਕਾਂ ਨੂੰ ਨੌਕਰੀ ਨਹੀਂ ਦੇ ਸਕਦਾ।
ਫੈਸਲਾ ਨਹੀਂ ਪਰ ਪ੍ਰਾਸੈੱਸ ਜਾਰੀ
ਐੱਚ-1ਬੀ ਵੀਜ਼ੇ 'ਤੇ ਬੇਸ਼ੱਕ ਹੀ ਬਾਈਡੇਨ ਨੇ ਕੋਈ ਫੈਸਲਾ ਨਾ ਲਿਆ ਹੋਵੇ ਪਰ ਯੂ. ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸ ਇਸੇ ਸਾਲ 1 ਅਕਤੂਬਰ 2021 ਤੋਂ ਐਪਲੀਕੇਸ਼ਨ ਦੀ ਪ੍ਰਾਸੈੱਸ ਸ਼ੁਰੂ ਕਰਨ ਜਾ ਰਿਹਾ ਹੈ। ਪਿਛਲੇ ਮਹੀਨੇ ਉਸ ਨੇ ਕਿਹਾ ਸੀ ਕਿ ਉਹ 65 ਹਜ਼ਾਰ ਪੁਰਾਣੇ ਬਿਨੈਕਾਰਾਂ ਦੀ ਜਾਂਚ ਕਰ ਰਿਹਾ ਹੈ। ਇਨ੍ਹਾਂ ਵਿਚੋਂ 20 ਹਜ਼ਾਰ ਐਪਲੀਕੈਂਟਸ ਉਹ ਹਨ ਜਿਨ੍ਹਾਂ ਨੇ ਕਿਸੇ ਅਮਰੀਕੀ ਯੂਨੀਵਰਸਿਟੀਜ਼ ਤੋਂ ਗ੍ਰੈਜ਼ੂਏਸ਼ਨ ਕੀਤੀ ਹੈ।