ਓਮੀਕਰੋਨ ਦੇ ਖ਼ੌਫ ਵਿਚਕਾਰ ਬਾਈਡੇਨ ਨੇ ਦੇਸ਼ ਵਾਸੀਆਂ ਨੂੰ ਬੂਸਟਰ ਡੋਜ਼ ਲੈਣ ਦੀ ਕੀਤੀ ਅਪੀਲ
Friday, Dec 03, 2021 - 01:49 PM (IST)
ਬੇਥੇਸਡਾ (ਏ.ਪੀ.): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਸਰਦੀਆਂ ਵਿੱਚ ਕੋਵਿਡ-19 ਦੇ ਕੇਸਾਂ ਦੀ ਗਿਣਤੀ ਵਿੱਚ ਵਾਧੇ ਦੇ ਖਦਸ਼ੇ ਦੇ ਵਿਚਕਾਰ ਵੀਰਵਾਰ ਨੂੰ ਨਾਗਰਿਕਾਂ ਨੂੰ ਬੂਸਟਰ ਖੁਰਾਕ ਲੈਣ ਦੀ ਅਪੀਲ ਕੀਤੀ। ਉਹਨਾਂ ਨੇ ਕੋਈ ਨਵੀਂ ਵੱਡੀ ਪਾਬੰਦੀ ਲਗਾਉਣ ਦੀ ਗੱਲ ਨਹੀਂ ਕੀਤੀ। ਜਾਣਕਾਰੀ ਮੁਤਾਬਕ ਬਾਈਡੇਨ ਚਾਹੁੰਦੇ ਹਨ ਕਿ ਬੀਮਾ ਕੰਪਨੀਆਂ ਘਰ-ਘਰ ਜਾ ਕੇ ਕੀਤੇ ਜਾਣ ਵਾਲੇ ਕੋਵਿਡ-19 ਟੈਸਟਾਂ ਦਾ ਖਰਚ ਚੁੱਕਣ ਅਤੇ ਉਹ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਲੋਕਾਂ ਲਈ ਟੈਸਟਿੰਗ ਨੂੰ ਲਾਜ਼ਮੀ ਅਤੇ ਸਖ਼ਤ ਬਣਾ ਰਹੇ ਹਨ।
ਬਾਈਡੇਨ ਨੇ ਕਿਹਾ ਕਿ ਕੁਝ ਹੋਰ ਦੇਸ਼ ਆਪਣੀਆਂ ਸਰਹੱਦਾਂ ਬੰਦ ਕਰ ਰਹੇ ਹਨ ਅਤੇ ਤਾਲਾਬੰਦੀ ਮੁੜ ਲਾਗੂ ਕਰ ਰਹੇ ਹਨ ਪਰ ਇਸ ਵਾਰ ਉਹ ਕੋਈ ਵਾਧੂ ਪਾਬੰਦੀਆਂ ਨਹੀਂ ਲਗਾਉਣਗੇ। ਬਾਈਡੇਨ ਨੇ ਵਿਗਿਆਨਕ ਸਲਾਹਕਾਰਾਂ ਨਾਲ ਮੀਟਿੰਗ ਤੋਂ ਬਾਅਦ ਮੈਰੀਲੈਂਡ ਵਿੱਚ ਰਾਸ਼ਟਰੀ ਸੰਸਥਾਵਾਂ ਦੇ ਦੌਰੇ ਦੌਰਾਨ ਕਿਹਾ,"ਮਾਹਰਾਂ ਦਾ ਕਹਿਣਾ ਹੈ ਕਿ ਇਹਨਾਂ ਸਰਦੀਆਂ ਵਿੱਚ ਆਉਣ ਵਾਲੇ ਹਫ਼ਤਿਆਂ ਵਿੱਚ ਕੋਵਿਡ-19 ਦੇ ਕੇਸਾਂ ਵਿੱਚ ਵਾਧਾ ਹੋਵੇਗਾ, ਇਸ ਲਈ ਸਾਨੂੰ ਤਿਆਰ ਰਹਿਣ ਦੀ ਲੋੜ ਹੈ।" ਬਾਈਡੇਨ ਨੇ ਕਿਹਾ ਕਿ ਉਹਨਾਂ ਦੀ ਨਵੀਂ ਰਣਨੀਤੀ ਵਿਚ ਤਾਲਾਬੰਦੀ ਸ਼ਾਮਲ ਨਹੀਂ ਹੈ।
ਪੜ੍ਹੋ ਇਹ ਅਹਿਮ ਖਬਰ -ਦੱਖਣੀ ਕੋਰੀਆ ਨੇ ਓਮੀਕਰੋਨ ਨਾਲ ਨਜਿੱਠਣ ਲਈ ਸਮਾਜਿਕ ਦੂਰੀ ਸਬੰਧੀ ਨਿਯਮ ਕੀਤੇ ਸਖ਼ਤ
ਅਮਰੀਕਾ ਵਿੱਚ ਵਰਤਮਾਨ ਵਿੱਚ ਲਗਭਗ 10 ਕਰੋੜ ਨਾਗਰਿਕ ਬੂਸਟਰ ਖੁਰਾਕ ਲੈਣ ਦੇ ਯੋਗ ਹਨ ਅਤੇ ਰੋਜ਼ਾਨਾ ਹੋਰ ਲੋਕ ਇਸ ਦੇ ਯੋਗ ਬਣ ਰਹੇ ਹਨ। ਬਾਈਡੇਨ ਨੇ ਕਿਹਾ,''ਜਾਓ ਅਤੇ ਹੁਣੇ ਬੂਸਟਰ ਡੋਜ਼ ਲਓ।'' ਬਾਈਡੇਨ ਨੇ ਇਹ ਵੀ ਕਿਹਾ ਕਿ ਅਗਲੇ ਹਫ਼ਤੇ ਤੋਂ ਅਮਰੀਕਾ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਜਹਾਜ਼ 'ਚ ਸਵਾਰ ਹੋਣ ਦੇ ਇਕ ਦਿਨ ਦੇ ਅੰਦਰ ਕੋਵਿਡ-19 ਨਾਲ ਸੰਕਰਮਿਤ ਨਾ ਹੋਣ ਦੀ ਰਿਪੋਰਟ ਦਿਖਾਉਣੀ ਹੋਵੇਗੀ, ਭਾਵੇਂ ਉਹ ਕਿਸੇ ਵੀ ਦੇਸ਼ ਦੇ ਨਾਗਰਿਕ ਹਨ ਜਾਂ ਉਹਨਾਂ ਨੇ ਵੈਕਸੀਨ ਦੀ ਖੁਰਾਕ ਲਈ ਹੈ। ਇੱਥੇ ਦੱਸ ਦਈਏ ਕਿ ਅਮਰੀਕਾ ਦੇ ਕਈ ਰਾਜਾਂ ਵਿਚ ਓਮੀਕਰੋਨ ਵੈਰੀਐਂਟ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ।
ਨੋਟ- ਓਮੀਕਰੋਨ ਤੋਂ ਬਚਾਅ ਲਈ ਜ਼ਰੂਰੀ ਹੈ ਬੂਸਟਰ ਡੋਜ਼, ਇਸ ਬਾਰੇ ਕੁਮੈਂਟ ਕਰ ਦਿਓ ਰਾਏ।