ਬੀਬੀ ਜਾਗੀਰ ਕੌਰ ਦਾ ਇਟਲੀ ਪੁੱਜਣ ''ਤੇ ਨਿੱਘਾ ਸਵਾਗਤ

2/16/2020 3:18:04 PM

ਮਿਲਾਨ,(ਸਾਬੀ ਚੀਨੀਆ)— ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਬੀਬੀ ਜਾਗੀਰ ਕੌਰ ਯੂਰਪ ਟੂਰ ਤਹਿਤ ਇਟਲੀ ਪਹੁੰਚ ਗਏ ਹਨ। ਉਨ੍ਹਾਂ ਦਾ ਵੈਰੋਨਾ ਪਹੁੰਚਣ 'ਤੇ ਅਕਾਲੀ ਦਲ ਇਟਲੀ ਦੇ ਪ੍ਰਧਾਨ ਸ. ਜਗਵੰਤ ਸਿੰਘ ਲਹਿਰਾ ਅਤੇ ਜਨਰਲ ਸਕੱਤਰ ਸ. ਜਗਜੀਤ ਸਿੰਘ ਈਸ਼ਰਹੇਲ ਆਦਿ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਨਾਲ ਭਾਈ ਅਮਰੀਕ ਸਿੰਘ ਮੁਕੇਰੀਆ ਜੀ ਵੀ ਪੁੱਜੇ। ਪ੍ਰੈੱਸ ਨਾਲ ਗੱਲਬਾਤ ਦੌਰਾਨ ਬੀਬੀ ਜਾਗੀਰ ਕੌਰ ਨੇ ਦੱਸਿਆ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪੂਰੀ ਤਰ੍ਹਾਂ ਇਕਮੁੱਠ ਹੈ ਅਤੇ ਅਗਾਮੀ ਵਿਧਾਨ ਸਭਾ ਚੋਣਾਂ 'ਚ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰੇਗਾ।

ਉਨ੍ਹਾਂ ਕਾਂਗਰਸ ਦੀ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ 'ਤੇ ਗੱਲ ਕਰਦਿਆਂ ਕਿਹਾ ਕਿ ਕਾਂਗਰਸ ਦੀ ਅਗਵਾਈ 'ਚ ਪੰਜਾਬ ਵਿਕਾਸ ਕਰਨ ਦੀ ਬਜਾਏ ਵਿਨਾਸ਼ ਵੱਲ ਜਾ ਰਿਹਾ ਹੈ ਅਤੇ ਸੂਬੇ ਵਿੱਚ ਸਾਰੇ ਵਿਕਾਸ ਕਾਰਜ ਰੁਕੇ ਪਏ ਹਨ। ਉਨ੍ਹਾਂ ਦੱਸਿਆ ਕਿ ਅਕਾਲੀ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਨੂੰ ਜੋ ਸਹੂਲਤਾਂ ਦਿੱਤੀਆਂ ਗਈਆਂ ਸਨ ਉਨ੍ਹਾਂ ਨੂੰ ਲੋਕ ਅੱਜ ਵੀ ਯਾਦ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸਾਲ 2022 ਦੀਆਂ ਚੋਣਾਂ ਵਿੱਚ ਵੀ ਅਕਾਲੀ ਦਲ ਦੀ ਜਿੱਤ ਯਕੀਨਨ ਹੋਵੇਗੀ। ਵਿਦੇਸ਼ਾਂ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦਾ ਗਠਨ ਕੀਤਾ ਜਾਵੇਗਾ। ਬੀਬੀ ਜਾਗੀਰ ਕੌਰ ਨੇ ਇਟਲੀ 'ਚ ਅਕਾਲੀ ਵਰਕਰਾਂ ਵਲੋਂ ਪਾਰਟੀ ਦੀ ਮਜ਼ਬੂਤੀ ਹਿੱਤ ਕੀਤੇ ਜਾ ਰਹੇ ਉਪਰਾਲਿਆਂ ਲਈ ਵਰਕਰਾਂ ਅਤੇ ਆਗੂਆਂ ਦੀ ਭਰਪੂਰ ਸ਼ਾਲਾਘਾ ਵੀ ਕੀਤੀ।