ਨੇਪਾਲ ''ਚ ਪਹਿਲੀ ਟਰਾਂਸਜੈਂਡਰ ਮਹਿਲਾ ਸਾਂਸਦ ਬਣੀ ਭੂਮਿਕਾ, ਜਾਣੋ ਸੰਘਰਸ ਦੀ ਕਹਾਣੀ

Friday, Mar 20, 2026 - 05:26 PM (IST)

ਨੇਪਾਲ ''ਚ ਪਹਿਲੀ ਟਰਾਂਸਜੈਂਡਰ ਮਹਿਲਾ ਸਾਂਸਦ ਬਣੀ ਭੂਮਿਕਾ, ਜਾਣੋ ਸੰਘਰਸ ਦੀ ਕਹਾਣੀ

ਕਾਠਮੰਡੂ: ਗੁਆਂਢੀ ਦੇਸ਼ ਨੇਪਾਲ ਦੀ ਰਾਜਨੀਤੀ ਵਿੱਚ ਇੱਕ ਨਵਾਂ ਅਤੇ ਇਤਿਹਾਸਕ ਅਧਿਆਏ ਜੁੜ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭੂਮਿਕਾ ਸ਼੍ਰੇਸ਼ਠ ਨੇਪਾਲ ਦੀ ਪਹਿਲੀ ਮਹਿਲਾ ਟਰਾਂਸਜੈਂਡਰ ਸਾਂਸਦ (MP) ਬਣ ਗਈ ਹੈ। 37 ਸਾਲ ਦੀ ਭੂਮਿਕਾ ਨੇ ਨੇਪਾਲ ਦੀ ਪਹਿਲੀ ਟਰਾਂਸਜੈਂਡਰ ਮਹਿਲਾ ਸਾਂਸਦ ਵਜੋੰ ਸਹੁੰ ਚੁੱਕੀ। ਉਨ੍ਹਾਂ ਨੂੰ 275 ਮੈਂਬਰੀ ਪ੍ਰਤੀਨਿਧੀ ਸਭਾਾ ਵਿਚ ਜਗ੍ਹਾ ਮਿਲੀ ਅਤੇ ਉਹ ਐਲਜੀਬੀਟੀਕਿਊ ਪਲੱਸ ਦੇ ਅਧਿਕਾਰਾਂ ਲਈ  ਲੰਬੇ ਸਮੇਂ ਤੋਂ ਸਰਗਰਮ ਹੈ। 

ਕੈਲਾਸ਼ ਤੋਂ ਭੂਮਿਕਾ ਬਣਨ ਤੱਕ ਦਾ ਸਫ਼ਰ 

ਭੂਮਿਕਾ ਸ਼੍ਰੇਸ਼ਠ ਦਾ ਜਨਮ ਇੱਕ ਲੜਕੇ ਵਜੋਂ ਹੋਇਆ ਸੀ ਅਤੇ ਉਨ੍ਹਾਂ ਦਾ ਨਾਮ ਕੈਲਾਸ਼ ਸੀ। ਸਰੋਤਾਂ ਅਨੁਸਾਰ ਉਨ੍ਹਾਂ ਨੇ ਇੱਕ ਅਜਿਹੇ ਭਾਈਚਾਰੇ ਵਿੱਚ ਆਪਣਾ ਜੀਵਨ ਬਤੀਤ ਕੀਤਾ ਹੈ ਜਿਸ ਨੂੰ ਅਕਸਰ ਸਮਾਜ ਵਿੱਚ ਅਪਮਾਨ, ਅਸਵੀਕਾਰ ਅਤੇ ਗਰੀਬੀ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲਾਂਕਿ ਆਪਣੀਆਂ ਭਾਵਨਾਵਾਂ ਦੇ ਅਨੁਕੂਲ ਉਨ੍ਹਾਂ ਨੇ ਆਪਣਾ ਰੂਪ ਅਤੇ ਨਾਮ ਬਦਲਿਆ ਅਤੇ 'ਭੂਮਿਕਾ' ਬਣੀ। 5 ਅਪ੍ਰੈਲ 2021 ਨੂੰ ਉਨ੍ਹਾਂ ਦੀ ਨਾਗਰਿਕਤਾ ਵਿੱਚ ਸੋਧ ਕਰਕੇ ਉਨ੍ਹਾਂ ਦਾ ਨਾਮ 'ਭੂਮਿਕਾ ਸ਼੍ਰੇਸ਼ਠ' ਅਤੇ ਲਿੰਗ 'ਮਹਿਲਾ' ਵਜੋਂ ਦਰਜ ਕੀਤਾ ਗਿਆ ਸੀ, ਜਿਸ ਨੂੰ ਨੇਪਾਲ ਵਿੱਚ ਟਰਾਂਸਜੈਂਡਰ ਪਛਾਣ ਲਈ ਇੱਕ ਵੱਡਾ ਕਾਨੂੰਨੀ ਕਦਮ ਮੰਨਿਆ ਜਾਂਦਾ ਹੈ।

ਅੰਤਰਰਾਸ਼ਟਰੀ ਪੱਧਰ 'ਤੇ ਮਿਲੀ ਪਛਾਣ 

ਭੂਮਿਕਾ ਲੰਬੇ ਸਮੇਂ ਤੋਂ 'ਬਲੂ ਡਾਇਮੰਡ ਸੁਸਾਇਟੀ' ਨਾਲ ਜੁੜ ਕੇ ਘੱਟ ਗਿਣਤੀ ਭਾਈਚਾਰੇ ਦੇ ਅਧਿਕਾਰਾਂ ਲਈ ਕੰਮ ਕਰ ਰਹੀ ਹੈ। ਉਨ੍ਹਾਂ ਦੀ ਸਰਗਰਮੀ ਕਾਰਨ ਉਨ੍ਹਾਂ ਨੂੰ ਲੈਂਗਿਕ ਸਮਾਨਤਾ ਦੇ ਖੇਤਰ ਵਿੱਚ ਦੁਨੀਆ ਦੇ ਟਾਪ 100 ਨੌਜਵਾਨਾਂ ਦੀ ਸੂਚੀ ਵਿੱਚ ਵੀ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਸੰਘਰਸ਼ਾਂ 'ਤੇ 'ਭੂਮਿਕਾ: ਤੇਸਰੋ ਲਿੰਗੀਕੋ ਆਤਮਕਥਾ' ਨਾਮਕ ਕਿਤਾਬ ਵੀ ਲਿਖੀ ਹੈ।

ਸੰਸਦ ਵਿੱਚ ਕੀ ਹੋਵੇਗੀ ਭੂਮਿਕਾ? 

ਹੁਣ ਨੀਤੀ-ਨਿਰਮਾਣ ਪੱਧਰ 'ਤੇ ਪਹੁੰਚਣ ਤੋਂ ਬਾਅਦ, ਭੂਮਿਕਾ ਦਾ ਮੁੱਖ ਉਦੇਸ਼ ਸੰਵਿਧਾਨਕ ਅਧਿਕਾਰਾਂ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਵਾਉਣਾ ਹੈ। ਉਹ ਸਿੱਖਿਆ, ਸਿਹਤ, ਰੁਜ਼ਗਾਰ ਅਤੇ ਸਰਕਾਰੀ ਸੰਸਥਾਵਾਂ ਵਿੱਚ ਆਪਣੇ ਭਾਈਚਾਰੇ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਕੰਮ ਕਰੇਗੀ। ਇਸ ਤੋਂ ਇਲਾਵਾ ਉਹ ਮਧੇਸੀ, ਮੁਸਲਿਮ, ਆਦਿਵਾਸੀ ਅਤੇ ਦਿਵਯਾਂਗਾਂ ਵਰਗੇ ਪਛੜੇ ਵਰਗਾਂ ਦੇ ਮੁੱਦੇ ਚੁੱਕਣ ਲਈ ਵੀ ਵਚਨਬੱਧ ਹੈ।

ਨੇਪਾਲੀ ਰਾਜਨੀਤੀ ਲਈ ਨਵਾਂ ਸੰਦੇਸ਼

 ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2008 ਵਿੱਚ ਸੁਨੀਲ ਬਾਬੂ ਪੰਤ ਏਸ਼ੀਆ ਦੇ ਪਹਿਲੇ ਸਮਲਿੰਗੀ (Gay) ਸਾਂਸਦ ਵਜੋਂ ਚੁਣੇ ਗਏ ਸਨ, ਪਰ ਮਹਿਲਾ ਟਰਾਂਸਜੈਂਡਰ ਵਜੋਂ ਭੂਮਿਕਾ ਪਹਿਲੀ ਸਾਂਸਦ ਹੈ। ਉਨ੍ਹਾਂ ਦੀ ਇਹ ਚੋਣ ਨੇਪਾਲ ਦੀ ਰਾਜਨੀਤੀ ਵਿੱਚ ਸਮਾਵੇਸ਼ੀ ਪ੍ਰਤੀਨਿਧਤਾ ਦਾ ਇੱਕ ਨਵਾਂ ਸੁਨੇਹਾ ਦਿੰਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News