NATO ਹੈੱਡਕੁਆਰਟਰ ''ਚ ਜਾਸੂਸ ! ਬੈਲਜੀਅਮ ''ਚ ਕੈਨੇਡੀਅਨ ਮਹਿਲਾ ਨਾਗਰਿਕ ਗ੍ਰਿਫ਼ਤਾਰ

Sunday, Jul 26, 2026 - 01:34 PM (IST)

NATO ਹੈੱਡਕੁਆਰਟਰ ''ਚ ਜਾਸੂਸ ! ਬੈਲਜੀਅਮ ''ਚ ਕੈਨੇਡੀਅਨ ਮਹਿਲਾ ਨਾਗਰਿਕ ਗ੍ਰਿਫ਼ਤਾਰ

ਇੰਟਰਨੈਸ਼ਨਲ ਡੈਸਕ- ਬੈਲਜੀਅਮ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਉੱਤਰੀ ਅਟਲਾਂਟਿਕ ਸੰਧੀ ਸੰਗਠਨ (NATO) ਦੇ ਫੌਜੀ ਹੈੱਡਕੁਆਰਟਰ (Shape)'ਚ ਕੰਮ ਕਰ ਰਹੀ ਇੱਕ ਮਹਿਲਾ ਇੰਟਰਨ ਨੂੰ ਜਾਸੂਸੀ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਬੈਲਜੀਅਮ ਦੇ ਫੈਡਰਲ ਪ੍ਰੋਸੀਕਿਊਟਰ ਆਫ਼ਿਸ ਅਨੁਸਾਰ, ਗ੍ਰਿਫ਼ਤਾਰ ਕੀਤੀ ਗਈ ਮਹਿਲਾ ਚੀਨੀ ਮੂਲ ਦੀ ਕੈਨੇਡੀਅਨ ਨਾਗਰਿਕ ਹੈ। ਉਸ 'ਤੇ ਕਿਸੇ "ਤੀਜੇ ਦੇਸ਼" ਲਈ ਜਾਸੂਸੀ ਕਰਨ ਅਤੇ ਇੱਕ ਅਪਰਾਧਿਕ ਸੰਗਠਨ ਨਾਲ ਜੁੜੇ ਹੋਣ ਦਾ ਸ਼ੱਕ ਹੈ।

ਨਾਟੋ ਦੀਆਂ ਸੁਰੱਖਿਆ ਏਜੰਸੀਆਂ ਵੱਲੋਂ ਮਿਲੀ ਇਨਪੁਟ ਤੋਂ ਬਾਅਦ ਬੈਲਜੀਅਮ ਦੀ ਫੌਜੀ ਖੁਫੀਆ ਏਜੰਸੀ ਅਤੇ ਪੁਲਸ ਨੇ ਮਿਲ ਕੇ ਇਹ ਕਾਰਵਾਈ ਸ਼ੁਰੂ ਕੀਤੀ। ਵੀਰਵਾਰ (23 ਜੁਲਾਈ) ਨੂੰ ਸ਼ੱਕੀ ਇੰਟਰਨ ਦੇ ਘਰ ਅਤੇ SHAPE ਹੈੱਡਕੁਆਰਟਰ ਸਥਿਤ ਉਸ ਦੇ ਦਫ਼ਤਰ 'ਚ ਛਾਪੇਮਾਰੀ ਕੀਤੀ ਗਈ, ਜਿਸ ਤੋਂ ਬਾਅਦ ਸ਼ੁੱਕਰਵਾਰ (24 ਜੁਲਾਈ) ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। 

ਇਹ ਮਾਮਲਾ ਬੈਲਜੀਅਮ ਦੇ 'ਮੋਂਸ' ਸ਼ਹਿਰ ਵਿੱਚ ਸਥਿਤ SHAPE (Supreme Headquarters Allied Powers Europe) ਦਾ ਹੈ, ਜੋ ਨਾਟੋ ਦਾ ਮੁੱਖ ਫੌਜੀ ਰਣਨੀਤਕ ਕੇਂਦਰ ਹੈ। ਨਾਟੋ ਦੇ ਬੁਲਾਰੇ ਨੇ ਸਪੱਸ਼ਟ ਕੀਤਾ ਹੈ ਕਿ ਇਸ ਘਟਨਾ ਨਾਲ ਨਾਟੋ ਦੀਆਂ ਤਿਆਰੀਆਂ, ਆਪ੍ਰੇਸ਼ਨਲ ਗਤੀਵਿਧੀਆਂ ਜਾਂ ਕਮਾਂਡ ਸਿਸਟਮ 'ਤੇ ਕੋਈ ਅਸਰ ਨਹੀਂ ਪਿਆ ਹੈ ਅਤੇ ਕੰਮ ਪਹਿਲਾਂ ਵਾਂਗ ਚੱਲ ਰਿਹਾ ਹੈ। ਬੈਲਜੀਅਮ ਪ੍ਰਸ਼ਾਸਨ ਨੇ ਅਜੇ ਤੱਕ ਮਹਿਲਾ ਦਾ ਨਾਂ ਅਤੇ ਉਸ ਤੀਜੇ ਦੇਸ਼ ਦਾ ਨਾਂ ਜਨਤਕ ਨਹੀਂ ਕੀਤਾ, ਜਿਸ ਲਈ ਉਹ ਜਾਸੂਸੀ ਕਰ ਰਹੀ ਸੀ। ਫਿਲਹਾਲ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।  


author

Harpreet SIngh

Content Editor

Related News