ਇਟਲੀ ''ਚ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਲਈ ਭਾਈ ਜਗਦੇਵ ਸਿੰਘ ਨਿਭਾ ਰਹੇ ਨੇ ਨਿਸ਼ਕਾਮ ਸੇਵਾ
Thursday, Mar 06, 2025 - 07:20 PM (IST)

ਰੋਮ (ਇਟਲੀ) (ਦਲਵੀਰ ਸਿੰਘ ਕੈਂਥ) : ਬੇਸ਼ੱਕ ਅਸੀਂ ਪਰਿਵਾਰਾਂ ਸਮੇਤ ਵਿਦੇਸ਼ਾਂ ਵਿੱਚ ਰਹਿਣ ਵਸੇਰਾਂ ਕਰ ਰਹੇ ਹਾਂ ਪਰ ਸਾਨੂੰ ਆਪਣੇ ਬੱਚਿਆਂ ਨੂੰ ਦੇਸ਼ ਦੀ ਮਾਂ ਬੋਲੀ ਦੇ ਨਾਲ ਨਾਲ ਪੰਜਾਬੀ ਮਾਂ ਬੋਲੀ ਨਾਲ ਜੋੜ ਕੇ ਵੀ ਰੱਖਣਾ ਬਹੁਤ ਜ਼ਰੂਰੀ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਈ ਜਗਦੇਵ ਸਿੰਘ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ। ਪਿਛਲੇ ਲੰਮੇ ਸਮੇ ਤੋਂ ਇਟਲੀ ਵਿੱਚ ਗੁਰਦੁਆਰਾ ਸਾਹਿਬ ਤੇ ਨਗਰ ਕੀਰਤਨ ਵਿੱਚ ਜਾ ਕੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਭਾਈ ਜਗਦੇਵ ਸਿੰਘ ਵਲੋਂ ਨਿਸ਼ਕਾਮ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ। ਬੀਤੇ ਦਿਨੀ ਭਾਈ ਜਗਦੇਵ ਸਿੰਘ ਲਾਸੀਓ ਸੂਬੇ ਦੇ ਦੋ ਵੱਖ-ਵੱਖ ਗੁਰਦੁਆਰਿਆਂ 'ਚ ਜਿਨ੍ਹਾਂ 'ਚ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਓ (ਰੋਮ) ਤੇ ਗੁਰਦੁਆਰਾ ਬਾਬਾ ਦੀਪ ਸਿੰਘ ਸਭਾ ਅਪ੍ਰੀਲੀਆ (ਲਾਤੀਨਾ) ਵਿਖੇ ਵਿਸ਼ੇਸ਼ ਤੌਰ 'ਤੇ ਪਹੁੰਚੇ ਤੇ ਉਨ੍ਹਾਂ ਵੱਲੋਂ ਵਿਸ਼ੇਸ਼ ਸਮਾਗਮ ਦੀ ਸਮਾਪਤੀ ਮੌਕੇ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਤਿਆਰ ਕੀਤੇ ਜਾਂਦੇ ਪੈਂਤੀ ਅੱਖਰੀ ਸਕੂਲੀ ਬੈਗ, ਤੇ ਸਟੇਸ਼ਨਰੀ ਦਾ ਸਾਮਾਨ ਭੇਟ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਵਲੋਂ ਵਿਸ਼ੇਸ਼ ਤੌਰ 'ਤੇ ਤਿਆਰ ਕਰਵਾਏ ਪੈਂਤੀ ਅੱਖਰ ਪੰਜਾਬੀ ਭਾਸ਼ਾ ਵਿੱਚ ਬੋਰਡ ਵੀ ਵੰਡੇ ਗਏ। ਉਨ੍ਹਾਂ ਆਖਿਆ ਭਾਵੇਂ ਵਿਦੇਸ਼ੀ ਬੋਲੀ ਬੱਚਿਆਂ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਬੱਚੇ ਵਿਦੇਸ਼ਾਂ ਵਿੱਚ ਜੰਮੇ ਤੇ ਪਲੇ ਹਨ ਪਰ ਇਸ ਦੇ ਨਾਲ ਸਾਨੂੰ ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ, ਗੁਰਮੁਖੀ, ਗੁਰਬਾਣੀ ਸ਼ਬਦਾਂ ਨਾਲ ਜੋੜ ਕੇ ਰੱਖਣਾ ਚਾਹੀਦਾ ਹੈ।ਕਿਉਂਕਿ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜ ਨਾ ਸਕੇ ਤਾਂ ਸਾਡੇ ਬੱਚਿਆਂ ਨੂੰ ਸਾਡੇ ਪੰਜਾਬੀ ਵਿਰਸੇ ਵਿੱਚ ਕੋਈ ਵੀ ਦਿਲਚਸਪੀ ਨਹੀਂ ਰਹੇਗੀ। ਉਨ੍ਹਾਂ ਦੱਸਿਆ ਕਿ ਇਟਲੀ 'ਚ ਭਾਵੇ ਅਸੀਂ ਵੱਡੇ ਗੁਰਦੁਆਰੇ ਬਣਾ ਰਹੇ ਹਾਂ, ਹਰ ਸਾਲ ਵੱਡੇ ਪੱਧਰ 'ਤੇ ਨਗਰ ਕੀਰਤਨ ਕਰਵਾਏ ਜਾ ਰਹੇ ਹਨ। ਪਰ ਅਫਸੋਸ ਸਾਡੇ ਬੱਚਿਆਂ ਨੂੰ ਪੈਂਤੀ ਅੱਖਰ ਤੇ ਪੰਜਾਬੀ ਮਾਂ ਬੋਲੀ ਵਾਰੇ ਗਿਆਨ ਹੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਵਿਸ਼ੇਸ਼ ਤੌਰ 'ਤੇ ਹਰ ਗੁਰਦੁਆਰਾ ਸਾਹਿਬ 'ਚ ਵਿੱਦਿਆ,ਗੁਰਬਾਣੀ ਤੇ ਕੀਰਤਨ ਨਾਲ ਜੋੜਨ ਲਈ ਉਪਰਾਲੇ ਕਰਨੇ ਚਾਹੀਦੇ ਹਨ। ਤਾਂ ਹੀ ਪੰਜਾਬੀ ਬੱਚਿਆਂ ਨੂੰ ਪੰਜਾਬ ਤੇ ਪੰਜਾਬੀਅਤ ਨਾਲ ਜੋੜ ਕੇ ਰੱਖਿਆ ਜਾਂ ਸਕਦਾ ਹੈ।
ਉਨ੍ਹਾਂ ਕਿਹਾ ਕਿ ਜਿੰਨਾਂ ਚਿਰ ਵਾਹਿਗੁਰੂ ਮੇਰੇ ਕੋਲੋਂ ਇਹ ਸੇਵਾ ਲੈਣਗੇ ਮੈ ਤੇ ਸਾਡੀ ਟੀਮ ਇਹ ਨਿਸ਼ਕਾਮ ਸੇਵਾ ਕਰਦੀ ਰਹੇਗੀ। ਇਸ ਮੌਕੇ ਦੋਵਾਂ ਗੁਰਦੁਆਰਿਆਂ ਦੀ ਪ੍ਰਬੰਧਕ ਕਮੇਟੀ ਵਲੋਂ ਭਾਈ ਜਗਦੇਵ ਸਿੰਘ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਸਨਮਾਨ ਚਿੰਨ੍ਹ ਦੇ ਸਨਮਾਨਿਤ ਵੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਭਾਈ ਜਗਦੇਵ ਸਿੰਘ ਵਲੋਂ ਹੁਣ ਤੱਕ 800/900 ਬੈਗ, ਕੈਦੇ ਤੇ ਸਟੇਸ਼ਨਰੀ ਦਾ ਸਾਮਾਨ ਇਟਲੀ ਵਿੱਚ ਬੱਚਿਆਂ ਨੂੰ ਵੰਡ ਚੁੱਕੇ ਹਨ ਤੇ ਹੁਣ ਪੰਜਾਬੀ ਭਾਸ਼ਾ ਵਿੱਚ ੳ ਅ ੲ ਸ ਹ ਵਾਲੇ ਬੋਰਡ ਵੀ ਬਣਾ ਕੇ ਵੰਡ ਰਹੇ ਹਨ ਤੇ ਊੜੇ ਤੇ ਜੂੜੇ ਨਾਲ ਜੁੜਨ ਹੌਕਾ ਦਿੱਤਾ ਜਾ ਰਿਹਾ ਹੈ।