ਈਦ ਮੌਕੇ ਸਮਾਜ ਸੇਵੀ ਸੰਸਥਾ 'ਬੇਗਮਪੁਰਾ ਏਡ ਇੰਟਰਨੈਸ਼ਨਲ' ਨੇ ਤੁਰਕੀ ਦੇ ਭੂਚਾਲ ਪੀੜਤਾਂ ਦੀ ਕੀਤੀ ਮਦਦ
Wednesday, Apr 19, 2023 - 06:18 PM (IST)

ਰੋਮ (ਦਲਵੀਰ ਕੈਂਥ): ਧੰਨ ਸ੍ਰੀ ਗ੍ਰੰਥ ਸਾਹਿਬ ਜੀ ਦੇ ਮਿਸ਼ਨ ਨੂੰ ਸਮਰਪਿਤ ਯੂਰਪ ਦੀ ਨਾਮੀ ਸਮਾਜ ਸੇਵੀ ਸੰਸਥਾ 'ਬੇਗਮਪੁਰਾ ਏਡ ਇੰਟਰਨੈਸ਼ਨਲ' ਨਿਰੰਤਰ ਦੁਖੀ ਅਤੇ ਲੋੜਵੰਦਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਉਹਨਾਂ ਦੇ ਦੁੱਖ ਵਿੱਚ ਸ਼ਰੀਕ ਹੀ ਨਹੀਂ ਹੋ ਰਹੀ ਸਗੋਂ ਉਹਨਾਂ ਨੂੰ ਆਰਥਿਕ ਮਦਦ ਕਰਨ ਵਿੱਚ ਮੋਹਰੀ ਹੈ। ਇਹ ਸੰਸਥਾ ਪਹਿਲਾਂ ਭਾਰਤ ਵਿੱਚ ਲੋੜਵੰਦ ਪਰਿਵਾਰਾਂ ਦੀ ਸੇਵਾ ਨਿਭਾਅ ਰਹੀ ਸੀ। ਪਾਕਿਸਤਾਨ ਦੇ ਹੜ੍ਹ ਪੀੜਤਾਂ ਲਈ ਫਰਿਸ਼ਤਾ ਬਣ ਬਹੁੜੀ ਤੇ ਹੁਣ ਤੁਰਕੀ ਦੇ ਭੂਚਾਲ ਦੇ ਝੰਬੇ ਪਰਿਵਾਰਾਂ ਲਈ ਮਸੀਹਾ ਬਣ ਪਹੁੰਚੀ ਹੈ। 'ਬੇਗਮਪੁਰਾ ਏਡ ਇੰਟਰਨੈਸ਼ਨਲ' ਦੇ ਮੁੱਖ ਸੇਵਾਦਾਰ ਭਾਈ ਰਾਮ ਸਿੰਘ ਮੈਂਗੜਾ ਵੱਲੋਂ "ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ" ਨੂੰ ਤੁਰਕੀ ਦੇ ਭੂਚਾਲ ਪੀੜਤਾਂ ਲਈ ਨਿਭਾਈ ਸੇਵਾ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਹਨਾਂ ਦੀ ਸੰਸਥਾ ਵੱਲੋਂ 2000 ਤੋਂ ਵੱਧ ਪੀੜਤ ਪਰਿਵਾਰਾਂ ਦੀ ਰਾਸ਼ਨ ਦੇ ਨਾਲ ਆਰਥਿਕ ਮਦਦ ਵੀ ਕੀਤੀ ਗਈ ਹੈ ਤੇ ਬੱਚਿਆਂ ਨੂੰ ਵੀ ਵਿਸ਼ੇਸ਼ ਖਾਣ ਦੀਆਂ ਵਸਤਾਂ ਵੰਡੀਆਂ ਗਈਆਂ।
ਇਸ ਸੇਵਾ ਦੀ ਅਗਵਾਈ ਅਮਰਜੀਤ ਸਿੰਘ ਕੈਲੇ ਅਤੇ ਚਰਨਜੀਤ ਸਿੰਘ ਜੌਹਲ ਵੱਲੋਂ ਕੀਤੀ ਗਈ। ਟੀਮ ਨਾਲ ਫਰਾਂਸ ਵਿੱਚ ਵਸਦੇ ਤੁਰਕੀ ਭਾਈਚਾਰੇ ਦੇ ਸਾਥੀ ਵੀ ਗਏ, ਜਿਹਨਾਂ ਨੇ ਉੱਥੇ ਦੇ ਹਾਲਾਤ ਤੋਂ ਵਿਸਥਾਰਪੂਰਵਕ ਜਾਣੂ ਕਰਵਾਇਆ ਤੇ ਤੁਰਕੀ ਭਾਸ਼ਾ ਦੀ ਵੀ ਕੋਈ ਪ੍ਰੇਸ਼ਾਨੀ ਨਹੀਂ ਹੋਣ ਦਿੱਤੀ। ਸੰਸਥਾ ਵੱਲੋਂ ਜ਼ਰੂਰਤਮੰਦ ਪਰਿਵਾਰਾਂ ਨੂੰ ਈਦ ਦੇ ਪਵਿੱਤਰ ਦਿਨ ਨੂੰ ਸਮਰਪਿਤ ਕਨਟੇਨਰ ਹਾਊਸ ਵੀ ਲੈ ਕੇ ਦਿੱਤੇ ਗਏ, ਜਿਹੜੇ ਘਰ ਦੀ ਹਰ ਇਕ ਵਰਤਣ ਵਾਲੀ ਚੀਜ਼ ਨਾਲ ਭਰਪੂਰ ਸਨ।
ਪੜ੍ਹੋ ਇਹ ਅਹਿਮ ਖ਼ਬਰ-ਰਿਪੋਰਟ 'ਚ ਖੁਲਾਸਾ, 1.49 ਲੱਖ ਭਾਰਤੀਆਂ 'ਤੇ ਅਮਰੀਕਾ 'ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦਾ ਦੋਸ਼
ਇਹਨਾਂ ਕਨਟੇਨਰਾਂ ਵਿੱਚ ਪੀੜਤ ਪਰਿਵਾਰ ਆਪਣੇ ਬੱਚਿਆਂ ਸਮੇਤ ਰਹਿ ਸਕਣਗੇ। ਬੇਗਮਪੁਰਾ ਏਡ ਇੰਟਰਨੈਸ਼ਨਲ ਵੱਲੋਂ ਈਦ ਦੇ ਤਿਉਹਾਰ ਨੂੰ ਮੁੱਖ ਰੱਖਕੇ ਤੁਰਕੀ ਦੇ ਵਕਤ ਦੇ ਝੰਬੇ ਪਰਿਵਾਰਾਂ ਦੀ ਇਹ ਨਿਸ਼ਕਾਮ ਸੇਵਾ ਦਿਲ ਖੋਲ੍ਹ ਕੀਤੀ ਗਈ ਤੇ ਭੱਵਿਖ ਵਿੱਚ ਵੀ ਇਹ ਸੇਵਾ ਦਾ ਮੁਜੱਸਮਾ ਇੱਦਾਂ ਹੀ ਵਹਿੰਦਾ ਰਹੇਗਾ। ਇਸ ਕਾਰਜ ਨਾਲ ਤੁਰਕੀ ਦੇ ਪੀੜਤਾਂ ਲਈ ਇਹ ਸੰਸਥਾ ਕਿਸੇ ਮਸੀਹੇ ਵਾਂਗਰ ਬਹੁੜੀ ਹੈ ਜਿਹਨਾਂ ਕਿ ਮੁਸੀਬਤ ਨਾਲ ਪ੍ਰੇਸ਼ਾਨ ਪਰਿਵਾਰਾਂ ਨੂੰ ਖਾਣਾ ਦੇਣ ਦੇ ਨਾਲ ਘਰ ਤੇ ਆਰਥਿਕ ਮਦਦ ਵੀ ਦਿੱਤੀ ਜਿਹੜੀ ਕਿ ਕਾਬਲੇ ਤਾਰੀਫ਼ ਕਾਰਵਾਈ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।