ਸਾਲ 2018 ਗੋਲਡ ਕੋਸਟ ਰਾਸ਼ਟਰ ਮੰਡਲ ਖੇਡਾਂ ਦੀਆਂ ਤਿਆਰੀਆਂ ਜੋਰਾਂ-ਸ਼ੋਰਾਂ ਨਾਲ

12/28/2017 5:58:18 PM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)— 21ਵੀਆਂ ਰਾਸ਼ਟਰ ਮੰਡਲ ਖੇਡਾਂ ਅਗਲੇ ਵਰ੍ਹੇ 4 ਤੋ 15 ਅਪ੍ਰੈਲ ਨੂੰ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੇ ਸਮੁੰਦਰੀ ਤੱਟ 'ਤੇ ਵਸੇ ਖੂਬਸੁਰਤ ਸ਼ਹਿਰ ਗੋਲਡ ਕੋਸਟ ਵਿਖੇ ਬਹੁਤ ਹੀ ਧੂਮ-ਧਾਮ ਨਾਲ ਹੋ ਰਹੀਆਂ ਹਨ।ਇਸ ਖੇਡ ਮਹਾਕੁੰਭ ਵਿਚ 70 ਰਾਸ਼ਟਰ ਮੰਡਲ ਦੇਸ਼ਾਂ ਦੇ 6,600 ਖਿਡਾਰੀ ਆਪਣੇ ਖੇਡ ਮੈਂਬਰੀ ਦਲ ਦੇ ਨਾਲ ਹਿੱਸਾ ਲੈਣਗੇ। ਲਗਾਤਾਰ 12 ਦਿਨ ਤੱਕ ਚੱਲਣ ਵਾਲੇ ਇਸ ਖੇਡ ਮਹਾਕੁੰਭ ਵਿਚ ਖਿਡਾਰੀ 18 ਵੱਖ-ਵੱਖ ਖੇਡਾਂ ਤੇ 7 ਪੈਰਾਂ ਖੇਡਾਂ ਦੇ ਮੁਕਾਬਲਿਆਂ 'ਚੋਂ ਗੁਜਰ ਕੇ ਖਿਤਾਬੀ ਤਗਮਿਆਂ ਦੀ ਦੌੜ ਵਿਚ ਸ਼ਾਮਲ ਹੋਣਗੇ। ਗੋਲਡ ਕੋਸਟ ਰਾਸ਼ਰਟ ਮੰਡਲ ਖੇਡਾਂ ਵਿਚ ਭਾਰਤ ਦੇ 135 ਖਿਡਾਰੀ ਨੁਮਾਇੰਦਗੀ ਕਰਨਗੇ ਪਰ ਕੁਝ ਹੋਰ ਖਿਡਾਰੀ ਵੀ ਖੇਡ ਪ੍ਰਕਿਰਿਆਂ ਰਾਹੀਂ ਕੁਆਲੀਫਾਈ ਕਰ ਸਕਦੇ ਹਨ। ਸਾਲ 2014 ਗਲਾਸਗੋ ਰਾਸ਼ਟਰ ਮੰਡਲ ਖੇਡਾਂ 'ਚ 215 ਭਾਰਤੀ ਖਿਡਾਰੀਆਂ ਨੇ ਭਾਗ ਲਿਆ ਸੀ ਤੇ ਭਾਰਤ ਨੇ ਤਗਮਾ ਸੂਚੀ ਵਿਚ ਸੋਨੇ ਦੇ 15, ਚਾਂਦੀ ਦੇ 30, ਕਾਂਸੀ ਦੇ19 ਅਤੇ ਕੁੱਲ 64 ਤਗਮੇ ਜਿੱਤ ਕੇ ਪੰਜਵਾਂ ਸਥਾਨ ਪ੍ਰਾਪਤ ਕੀਤਾ ਸੀ। ਭਾਰਤ ਦੇ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਰਾਸ਼ਟਰ ਮੰਡਲ ਖੇਡ ਮਹਾਂ ਸੰਘ ਦੇ ਪ੍ਰਧਾਨ ਲੁਇਸ ਮਾਟਿਨ ਨੂੰ ਭਾਰਤੀ ਖਿਡਾਰੀਆਂ ਦਾ ਕੋਟਾ ਵਧਾਉਣ ਦੀ ਅਪੀਲ ਕੀਤੀ ਹੈ। ਏਸ਼ਿਆਈ ਚਂੈਪੀਅਨ ਭਾਰਤੀ ਪੁਰਸ਼ ਹਾਕੀ ਟੀਮ ਪੂਲ 'ਬੀ' ਦਾ ਪਹਿਲਾ ਮੁਕਾਬਲਾ ਰਵਾਇਤੀ ਵਿਰੋਧੀ ਪਾਕਿਸਤਾਨ ਨਾਲ 7 ਅਪ੍ਰੈਲ ਨੂੰ ਹੋਵੇਗਾ 'ਤੇ ਵੇਲਜ਼ ਨਾਲ 8 ਅਪ੍ਰੈਲ, ਮਲੇਸ਼ੀਆ ਨਾਲ 10 ਅਪ੍ਰੈਲ ਅਤੇ ਇੰਗਲੈਂਡ ਨਾਲ 11 ਅਪ੍ਰੈਲ ਨੂੰ ਮੈਚ ਹੋਣਗੇ। 
ਪੂਲ ਏ 'ਚ ਪੰਜ ਵਾਰ ਦੀ ਚੈਂਪੀਅਨ ਮੇਜ਼ਬਾਨ ਆਸਟ੍ਰੇਲੀਆ, ਨਿਊਜ਼ੀਲੈਂਡ, ਦੱਖਣੀ ਅਫਰੀਕਾ, ਕੈਨੇਡਾ ਤੇ ਸਕਾਟਲੈਂਡ ਹਨ।ਭਾਰਤੀ ਮਹਿਲਾ ਹਾਕੀ ਟੀਮ 5 ਅਪ੍ਰੈਲ ਨੂੰ ਵੇਲਜ਼ ਨਾਲ ਆਪਣਾ ਪਹਿਲਾ ਮੈਚ ਖੇਡੇਗੀ। ਇਸ ਉਪਰੰਤ ਮਲੇਸ਼ੀਆ ਨਾਲ 8 ਅਪ੍ਰੈਲ, ਇੰਗਲੈਂਡ ਨਾਲ 9 ਅਪ੍ਰੈਲ ਅਤੇ ਦੱਖਣੀ ਅਫਰੀਕਾ ਨਾਲ 10 ਅਪ੍ਰੈਲ ਨੂੰ ਖੇਡਣਾ ਹੈ।ਮਹਿਲਾ ਹਾਕੀ ਦਾ ਸੈਮੀ ਫਾਈਨਲ 12 ਅਪ੍ਰੈਲ ਤੇ ਪੁਰਸ਼ ਵਰਗ ਦਾ 13 ਅਪ੍ਰੈਲ, ਕਾਂਸੀ ਤੇ ਗੋਲਡ ਮੈਡਲ ਦੇ ਫਾਈਨਲ ਮੁਕਾਬਲੇ 14 ਅਪ੍ਰੈਲ ਨੂੰ ਹੋਣਗੇ।ਭਾਰਤੀ ਖਿਡਾਰੀ ਮੁੱਕੇਬਾਜ਼ੀ, ਹਾਕੀ, ਨਿਸ਼ਾਨੇਬਾਜ਼ੀ, ਐਥਲੇਟਿਕਸ, ਰੈਸਲਿੰਗ, ਵੇਟਲਿਫਟਿੰਗ, ਬੈਡਮਿੰਟਨ, ਜੁਡੋ, ਸਕੁਐਸ਼, ਟੇਬਲ ਟੈਨਿਸ ਆਦਿ ਖੇਡਾਂ ਵਿਚ ਤਗਮੇ ਲਈ ਸਖਤ ਮੁਕਾਬਲਾ ਦੇ ਕੇ ਦਾਵੇਦਾਰੀ ਪੇਸ਼ ਕਰਨਗੇ। 
ਸਾਲ 2014 ਗਲਾਸਗੋ ਰਾਸ਼ਟਰ ਮੰਡਲ ਖੇਡਾਂ 'ਚ 415 ਆਸਟ੍ਰੇਲੀਆਈ ਖਿਡਾਰੀਆਂ ਨੇ ਭਾਗ ਲਿਆ ਸੀ ਤੇ ਆਸਟ੍ਰੇਲੀਆ ਨੇ ਤਗਮਾ ਸੂਚੀ ਵਿਚ ਸੋਨ 49, ਚਾਂਦੀ 42, ਕਾਂਸੀ 46 ਕੁਲ 137 ਤਗਮੇ ਜਿੱਤ ਕੇ ਦੂਸਰਾ ਸਥਾਨ ਪ੍ਰਾਪਤ ਕੀਤਾ ਸੀ। ਆਸਟ੍ਰੇਲੀਆਈ ਖਿਡਾਰੀਆਂ ਨੂੰ ਆਪਣੀ ਸਰਜ਼ਮੀਂ ਤੇ ਖੇਡਣ ਦਾ ਫਾਇਦਾ ਜ਼ਰੂਰ ਮਿਲੇਗਾ 'ਤੇ ਉਨ੍ਹਾਂ ਦੀ ਕੋਸ਼ਿਸ਼ ਹਵੇਗੀ ਕਿ ਤਗਮਾ ਸੂਚੀ ਵਿਚ ਅੱਵਲ ਦਰਜਾ ਪ੍ਰਾਪਤ ਕੀਤਾ ਜਾ ਸਕੇ।ਰਾਸ਼ਟਰ ਮੰਡਲ ਖੇਡ ਮਹਾਂ ਸੰਘ, ਆਸਟ੍ਰੇਲੀਆਈ ਸੰਘੀ ਤੇ ਕੁਈਨਜ਼ਲੈਂਡ ਸੂਬਾ ਤੇ ਗੋਲਡ ਕੋਸਟ ਸਿਟੀ ਕੌਂਸਲ ਵਲੋਂ ਇਸ ਖੇਡ ਮਹਾਕੁੰਭ ਦੀਆਂ ਤਿਆਰੀਆਂ ਪੂਰੇ ਜੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਸਾਲ 2022 ਦੀਆਂ ਰਾਸ਼ਟਰ ਮੰਡਲ ਖੇਡਾਂ ਦੀ ਮੇਜ਼ਬਾਨੀ ਬਰਸਿੰਘਮ ਸ਼ਹਿਰ ਦੇ ਹਿੱਸੇ ਆਈ ਹੈ।


Related News