ਕੈਲੀਫੋਰਨੀਆ ਦਾ ਇਹ ਬੀਚ ਤੇਲ ਰਿਸਣ ਕਾਰਨ ਹੋਇਆ ਬੰਦ
Tuesday, Oct 05, 2021 - 12:17 AM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਕੈਲੀਫੋਰਨੀਆ 'ਚ ਹੰਟਿੰਗਟਨ ਬੀਚ ਦੇ ਖੇਤਰ ਵਿੱਚ ਹੋਣ ਵਾਲੀਆਂ ਜਨਤਕ ਗਤੀਵਿਧੀਆਂ ਨੂੰ ਵੱਡੀ ਮਾਤਰਾ ਵਿੱਚ ਤੇਲ ਲੀਕ ਹੋਣ ਕਾਰਨ ਬੰਦ ਕੀਤਾ ਗਿਆ ਹੈ। ਇਸ ਸਬੰਧ ਵਿੱਚ ਹੰਟਿੰਗਟਨ ਬੀਚ ਦੇ ਮੇਅਰ ਕਿਮ ਕਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਚ ਨੇੜਲੀ ਇੱਕ ਤੇਲ ਉਤਪਾਦਨ ਇੰਡਸਟਰੀ ਪਾਈਪ ਲਾਈਨ ਤੋਂ ਸ਼ਨੀਵਾਰ ਨੂੰ 3,000 ਬੈਰਲ ਤੇਲ ਲੀਕ ਹੋਇਆ, ਜੋ ਕਿ ਲਗਭਗ 126,000 ਗੈਲਨ ਹੈ। ਮੇਅਰ ਅਨੁਸਾਰ ਯੂ.ਐੱਸ. ਕੋਸਟ ਗਾਰਡ ਨੂੰ ਸ਼ਨੀਵਾਰ ਸਵੇਰੇ 9 ਵਜੇ ਦੇ ਕਰੀਬ ਤੇਲ ਫੈਲਣ ਬਾਰੇ ਸੂਚਿਤ ਕੀਤਾ ਗਿਆ ਸੀ ਅਤੇ ਐਤਵਾਰ ਸਵੇਰ ਤੱਕ, ਤੇਲ ਕਿਨਾਰੇ 'ਤੇ ਪਹੁੰਚ ਗਿਆ ਸੀ। ਇਸ ਦੌਰਾਨ ਕਾਰਵਾਈ ਕਰਦਿਆਂ ਤੇਲ ਨੂੰ ਬੋਲਸਾ ਚਿਕਾ ਵਾਤਾਵਰਣ ਵਿਗਿਆਨਕ ਰਿਜ਼ਰਵ ਅਤੇ ਹੰਟਿੰਗਟਨ ਬੀਚ ਵੈਟਲੈਂਡਸ ਵਿੱਚ ਫੈਲਣ ਤੋਂ ਰੋਕਣ ਲਈ ਸਕਿਮਿੰਗ ਉਪਕਰਣ ਅਤੇ ਬੂਮਸ ਤਾਇਨਾਤ ਕੀਤੇ ਗਏ ਹਨ ਅਤੇ ਹੁਣ ਤੱਕ ਕੋਸਟ ਗਾਰਡਾਂ ਦੁਆਰਾ ਭੇਜੀਆਂ ਗਈਆਂ 9 ਤੇਲ ਸਪਿਲ ਰਿਕਵਰੀ ਕਿਸ਼ਤੀਆਂ ਰਾਹੀਂ 1,281 ਗੈਲਨ ਤੇਲ ਅਤੇ ਪਾਣੀ ਦਾ ਮਿਸ਼ਰਣ ਬਰਾਮਦ ਕੀਤਾ ਹੈ।
ਇਹ ਵੀ ਪੜ੍ਹੋ - ਦੁਨੀਆਭਰ 'ਚ ਵ੍ਹਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ ਹੋਇਆ ਡਾਊਨ
ਅਧਿਕਾਰੀਆਂ ਨੇ ਐਤਵਾਰ ਸਵੇਰੇ ਘੋਸ਼ਣਾ ਕੀਤੀ ਕਿ ਸਫਾਈ ਕਾਰਜਾਂ ਲਈ ਬੀਚ ਨੂੰ ਜਨਤਕ ਕਾਰਵਾਈਆਂ ਜਿਵੇਂ ਕਿ ਤੈਰਨਾ, ਸਰਫ ਜਾਂ ਕਸਰਤ ਆਦਿ ਕਰਨ ਨੂੰ ਫਿਲਹਾਲ ਰੋਕਿਆ ਗਿਆ ਹੈ ਅਤੇ ਬੀਚ ਨੂੰ ਤੇਲ ਰਹਿਤ ਕਰਨ ਲਈ ਕਾਰਵਾਈ ਜਾਰੀ ਹੈ। ਕੈਲੀਫੋਰਨੀਆ ਦੇ ਬੀਚ 'ਤੇ ਇਸ ਤੇਲ ਸੰਕਟ ਨਾਲ ਪੰਛੀਆਂ ਅਤੇ ਸਮੰਦਰੀ ਜੀਵਾਂ ਦੀ ਜਾਨ ਲਈ ਵੀ ਖਤਰਾ ਪੈਦਾ ਹੋ ਗਿਆ ਹੈ। ਇਸ ਸਬੰਧੀ ਸੁਪਰਵਾਈਜ਼ਰ ਕੈਟਰੀਨਾ ਫੋਲੀ ਅਨੁਸਾਰ ਤੇਲ ਸਮੁੰਦਰੀ ਜੀਵਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਤੇ ਪੰਛੀ ਅਤੇ ਮੱਛੀਆਂ ਮਰ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।