ਸਰੀ-ਫਲੀਟਵੁੱਡ ਤੋਂ NDP ਚੋਣ ਮੈਦਾਨ ''ਚ ਫਿਰ ਉਤਾਰੇਗੀ ਇਹ ਪੰਜਾਬੀ ਉਮੀਦਵਾਰ
Sunday, Sep 06, 2020 - 08:27 AM (IST)
ਸਰੀ- ਚਾਰ ਵਾਰ ਦੇ ਵਿਧਾਇਕ ਅਤੇ ਸਵੈ ਰੁਜ਼ਗਾਰ ਤੇ ਵਿਕਾਸ ਸੋਸਾਇਟੀ ਦੇ ਸਾਬਕਾ ਕਾਰਜਕਾਰੀ ਨਿਰਦੇਸ਼ਕ ਜਗਰੂਪ ਬਰਾੜ ਨੂੰ ਐੱਨ. ਡੀ. ਪੀ. ਪਾਰਟੀ ਨੇ ਬ੍ਰਿਟਿਸ਼ ਕੋਲੰਬੀਆ ਵਿਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਐਲਾਨ ਦਿੱਤਾ ਹੈ। ਜਗਰੂਪ ਬਰਾੜ ਸਰੀ-ਫਲੀਟਵੁੱਡ ਤੋਂ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ. ਡੀ. ਪੀ.) ਦੇ ਉਮੀਦਵਾਰ ਹੋਣਗੇ।
ਬ੍ਰਿਟਿਸ਼ ਕੋਲੰਬੀਆ (ਬੀ. ਸੀ.) ਵਿਚ ਸਤੰਬਰ 2021 ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਜਗਰੂਪ ਬਰਾੜ ਨੇ ਸਰੀ ਫਲੀਟਵੁੱਡ ਤੋਂ ਦੁਬਾਰਾ ਬੀ. ਸੀ. ਵਿਚ ਐੱਨ. ਡੀ. ਪੀ. ਵਲੋਂ ਉਮੀਦਵਾਰ ਚੁਣੇ ਜਾਣ 'ਤੇ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਜੌਹਨ ਹੋਰਗਨ ਦੀ ਟੀਮ ਦਾ ਹਿੱਸਾ ਹੋਣ 'ਤੇ ਮੈਨੂੰ ਖੁਸ਼ੀ ਹੈ।
ਬੀ. ਸੀ. ਐੱਨ. ਡੀ. ਪੀ. ਨੇ ਇਕ ਬਿਆਨ ਵਿਚ ਕਿਹਾ ਕਿ ਪਿਛਲੇ 3 ਸਾਲਾਂ ਵਿਚ ਬਰਾੜ ਤੇ ਪਾਰਟੀ ਨੇ ਕਈ ਨਿਵੇਸ਼ ਲਿਆਂਦੇ ਹਨ ਅਤੇ ਸਰੀ ਵਿਚ ਕਈ ਕੰਮ ਕੀਤੇ ਹਨ। ਬੀ. ਸੀ. ਐੱਨ. ਡੀ. ਪੀ. ਨੇ ਆਪਣੀਆਂ ਉਪਲਬਧੀਆਂ ਗਿਣਾਉਂਦੇ ਹੋਏ ਕਿਹਾ ਕਿ ਪੋਰਟ ਮਾਨ ਅਤੇ ਗੋਲਡਨ ਈਅਰ ਬ੍ਰਿਜਾਂ 'ਤੇ ਟੋਲ ਹਟਾਏ ਗਏ, ਜਿਸ ਨਾਲ ਯਾਤਰੀਆਂ ਨੂੰ ਸਾਲਾਨਾ 900 ਡਾਲਰ ਦੀ ਬਚਤ ਅਤੇ ਟਰੱਕ ਡਰਾਈਵਰਾਂ ਨੂੰ ਹਰ ਸਾਲ 1,800 ਡਾਲਰ ਤੱਕ ਦੀ ਬਚਤ ਹੋ ਰਹੀ ਹੈ। ਸਿਹਤ ਸਹੂਲਤਾਂ ਵਿਚ ਵਾਧਾ ਕੀਤਾ ਗਿਆ। ਇਸ ਤੋਂ ਇਲਾਵਾ 7 ਨਵੇਂ ਸਥਾਨਕ ਸਕੂਲ ਬਣਾਏ ਗਏ ਅਤੇ ਛੇ ਹੋਰਾਂ ਨੂੰ ਅਪਗ੍ਰੇਡ ਕੀਤਾ ਗਿਆ ਤਾਂ ਜੋ ਵਿਦਿਆਰਥੀਆਂ ਨੂੰ ਸਿੱਖਣ ਲਈ ਸੁਰੱਖਿਅਤ ਜਗ੍ਹਾ ਮਿਲੇ। ਛੋਟੇ ਕਾਰੋਬਾਰਾਂ ਲਈ ਟੈਕਸ ਦਰਾਂ ਵਿਚ ਕਟੌਤੀ ਕੀਤੀ ਗਈ ਅਤੇ ਸਥਾਨਕ ਪੈਟਰੋਲੀਓ ਬ੍ਰਿਜ ਵਰਗੇ ਵੱਡੇ ਬੁਨਿਆਦੀ ਪ੍ਰਾਜੈਕਟਾਂ ਲਈ ਸਥਾਨਕ ਕੰਪਨੀਆਂ ਅਤੇ ਵਰਕਰਾਂ ਨੂੰ ਮੌਕਾ ਦਿੱਤਾ ਗਿਆ।
ਮੁੱਖ ਮੰਤਰੀ ਜੌਹਨ ਹੌਰਗਨ ਨੇ ਕਿਹਾ, "ਜਗਰੂਪ ਬਰਾੜ ਇਕ ਬਿਹਤਰ ਵਿਧਾਇਕ ਹਨ ਜੋ ਸਰੀ-ਫਲਿੱਟਵੁੱਡ ਦੀ ਸੱਚਮੁੱਚ ਪਰਵਾਹ ਕਰਦੇ ਹਨ ਅਤੇ ਹਲਕੇ ਦੇ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ ਹਰ ਦਿਨ ਸਖ਼ਤ ਮਿਹਨਤ ਕਰਦੇ ਹਨ।"