ਬੀ. ਸੀ. ਵਿਚ ਅੱਗ ਨੇ ਮਚਾਈ ਤਬਾਹੀ, ਬੇਘਰ ਲੋਕਾਂ ਅਤੇ ਫਾਇਰਫਾਈਟਰਾਂ ਨੂੰ ਸਰਕਾਰ ਵਲੋਂ ਮਦਦ ਮਿਲਣੀ ਹੋਈ ਸ਼ੁਰੂ

Tuesday, Jul 11, 2017 - 05:15 PM (IST)

ਬ੍ਰਿਟਿਸ਼ ਕੋਲੰਬੀਆ— ਬ੍ਰਿਟਿਸ਼ ਕੋਲੰਬੀਆ ਦੇ ਜੰਗਲਾਂ ਵਿਚ ਲੱਗੀ ਅੱਗ ਕਾਰਨ ਵੱਡੀ ਗਿਣਤੀ 'ਚ ਲੋਕ ਬੇਘਰ ਹੋ ਗਏ ਹਨ। ਅੱਗ ਲੱਗਣ ਕਾਰਨ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਚੰਗੀ ਖਬਰ ਇਹ ਵੀ ਹੈ ਕਿ ਬੇਘਰ ਹੋਏ ਲੋਕਾਂ ਅਤੇ ਅੱਗ ਉੱਤੇ ਕਾਬੂ ਪਾਉਣ ਵਿਚ ਮਦਦ ਕਰ ਰਹੇ ਫਾਇਰਫਾਈਟਰਾਂ ਲਈ ਹੋਰਨਾਂ ਪ੍ਰੋਵਿੰਸਾਂ ਅਤੇ ਫੈਡਰਲ ਸਰਕਾਰ ਵਲੋਂ ਮਦਦ ਮਿਲਣੀ ਸ਼ੁਰੂ ਹੋ ਗਈ ਹੈ। ਅਲਬਰਟਾ, ਸਸਕੈਚਵਨ, ਓਨਟਾਰੀਓ ਤੋਂ ਤਕਰੀਬਨ 300 ਫਾਇਰਫਾਈਟਰਜ਼ ਅਤੇ ਸਪੋਰਟ ਸਟਾਫ ਸੋਮਵਾਰ ਨੂੰ ਬੀ. ਸੀ. ਪਹੁੰਚ ਗਏ ਹਨ। ਜਿਸ ਨਾਲ ਅੱਗ ਉੱਤੇ ਕਾਬੂ ਪਾਉਣ ਲਈ ਮੁਸ਼ੱਕਤ ਕਰ ਰਹੇ ਬੀ.ਸੀ. ਦੇ 1000 ਅਮਲਾ ਮੈਂਬਰਾਂ ਉੱਤੇ ਦਬਾਅ ਕੁਝ ਘੱਟ ਜਾਵੇਗਾ। 
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਹ ਪ੍ਰੀਮੀਅਰ ਕ੍ਰਿਸਟੀ ਕਲਾਰਕ ਅਤੇ ਪ੍ਰੀਮੀਅਰ ਦੇ ਅਹੁਦੇ ਲਈ ਨਾਮਜ਼ਦ ਜੌਹਨ ਹੌਰਗਨ ਨਾਲ ਐਤਵਾਰ ਦੀ ਰਾਤ ਨੂੰ ਗੱਲ ਕਰ ਚੁੱਕੇ ਹਨ। ਜਿਸ ਦੇ ਮੱਦੇਨਜ਼ਰ ਹੀ ਕੈਨੇਡੀਅਨ ਆਰਮਡ ਫੋਰਸਿਜ਼ ਨੇ ਜਹਾਜ਼ ਅਤੇ ਕਰਮਚਾਰੀ ਐਮਰਜੈਂਸੀ ਵਿਚ ਮਦਦ ਲਈ ਭੇਜਣੇ ਸ਼ੁਰੂ ਕਰ ਦਿੱਤੇ ਹਨ। ਇੱਥੇ ਦੱਸ ਦੇਈਏ ਕਿ ਅੱਗ ਲੱਗਣ ਦੀ ਇਸ ਘਟਨਾ ਤੋਂ ਬਾਅਦ ਸੂਬੇ 'ਚ ਐਮਰਜੈਂਸੀ ਅਲਰਟ ਜਾਰੀ ਕੀਤਾ ਗਿਆ ਹੈ। ਸੂਬਾਈ ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਸੀ ਕਿ ਬੀ.ਸੀ. ਦੇ ਜੰਗਲਾਂ ਵਿਚ 215 ਥਾਵਾਂ ਉੱਤੇ ਅੱਗ ਲੱਗੀ ਹੋਈ ਹੈ। ਅੱਗ ਨੇ ਆਪਣੇ ਲਪੇਟ ਵਿਚ 400 ਸਕੁਏਅਰ ਕਿਲੋਮੀਟਰ ਰਕਬਾ ਲੈ ਲਿਆ ਹੈ। ਹੁਣ ਤੱਕ 14,000 ਲੋਕ ਘਰ ਛੱਡ ਕੇ ਦੂਰ ਜਾਣ ਲਈ ਮਜਬੂਰ ਹੋ ਚੁੱਕੇ ਹਨ। 
ਓਧਰ ਫੋਰਟ ਮੈਕਮਰੀ ਵਾਸੀ, ਜਿਨ੍ਹਾਂ ਨੂੰ ਪਿਛਲੇ ਸਾਲ ਇਸੇ ਤਰ੍ਹਾਂ ਜੰਗਲ ਦੀ ਅੱਗ ਕਾਰਨ ਆਪਣੇ ਘਰ-ਬਾਰ ਛੱਡਣੇ ਪਏ ਸਨ, ਉਹ ਵੀ ਕਈ ਤਰ੍ਹਾਂ  ਸਾਮਾਨ ਇਕੱਠਾ ਕਰਕੇ ਲੋੜਵੰਦਾਂ ਤੱਕ ਪਹੁੰਚਾਉਣ ਲਈ ਕਮਰ ਕੱਸ ਚੁੱਕੇ ਹਨ। ਉਹ ਇਹ ਸਾਰਾ ਸਮਾਨ ਬੀਸੀ ਵਾਸੀਆਂ ਤੱਕ ਪਹੁੰਚਾਉਣ, ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਫੋਰਟ ਮੈਕਮਰੀ ਤੋਂ ਚਾਰ ਟਨ ਸਪਲਾਈ ਪਹੁੰਚ ਚੁੱਕੀ ਹੈ, ਜਿਸ ਵਿਚ ਸੀਲਬੰਦ ਪਾਣੀ, ਭੋਜਨ ਪਦਾਰਥ ਅਤੇ ਬੱਚਿਆਂ ਨਾਲ ਸੰਬੰਧਤ ਸਪਲਾਈ ਆਦਿ ਹੈ। ਵਾਲੰਟੀਅਰਜ਼ ਇਹ ਯਕੀਨੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੈਮਾਲੂਪਸ ਫੂਡ ਬੈਂਕ ਹੀ ਭੋਜਨ ਨਾਲ ਸੰਬੰਧਤ ਸਪਲਾਈ ਹਾਸਲ ਕਰੇ ਅਤੇ ਅੱਗੇ ਉਸ ਦੀ ਵੰਡ ਕਰੇ।


Related News