ਬੀਬੀਸੀ ਮੁਖੀ ਟੋਨੀ ਹੌਲ ਦੇਣਗੇ 6 ਮਹੀਨੇ ਅੰਦਰ ਅਸਤੀਫਾ

Monday, Jan 20, 2020 - 08:41 PM (IST)

ਬੀਬੀਸੀ ਮੁਖੀ ਟੋਨੀ ਹੌਲ ਦੇਣਗੇ 6 ਮਹੀਨੇ ਅੰਦਰ ਅਸਤੀਫਾ

ਲੰਡਨ (ਏ.ਐਫ.ਪੀ.)-ਮਹਿਲਾ ਅਤੇ ਪੁਰਸ਼ ਮੁਲਾਜ਼ਮਾਂ ਨੂੰ ਬਰਾਬਰ ਤਨਖਾਹ ਦੇਣ ਦੇ ਮੁਲਾਜ਼ਮ ਅਥਾਰਟੀ ਦੇ ਹੁਕਮ ਤੋਂ ਨੁਕਸਾਨ ਦਾ ਸਾਹਮਣਾ ਕਰ ਰਹੇ ਬੀਬੀਸੀ ਦੇ ਡਾਇਰੈਕਟਰ ਜਨਰਲ ਟੋਨੀ ਹਾਲ ਨੇ ਸੋਮਵਾਰ ਨੂੰ ਸਟਾਫ ਨੂੰ ਕਿਹਾ ਕਿ ਉਹ 6 ਮਹੀਨੇ ਅੰਦਰ ਅਸਤੀਫਾ ਦੇ ਦੇਣਗੇ। ਉਨ੍ਹਾਂ ਨੇ ਮੁਲਾਜ਼ਮਾਂ ਨੂੰ ਈ-ਮੇਲ ਭੇਜ ਕੇ ਕਿਹਾ ਕਿ ਅਗਲੇ 6 ਮਹੀਨੇ ਤੱਕ ਮੈਂ ਇਸ ਸੰਸਥਾਨ ਨੂੰ ਆਪਣਾ ਸਭ ਕੁਝ ਦਿਆਂਗਾ ਪਰ ਗਰਮੀਆਂ ਵਿਚ ਮੈਂ ਤੁਹਾਡੇ ਡਾਇਰੈਕਟਰ ਜਨਰਲ ਅਹੁਦੇ ਤੋਂ ਤਿਆਗ ਪੱਤਰ ਦੇ ਦਿਆਂਗਾ। ਟੋਨੀ ਨੇ ਕਿਹਾ ਕਿ ਜੇਕਰ ਮੈਂ ਦਿਲ ਦੀ ਗੱਲ ਮੰਨਾਂ ਤਾਂ ਅਸਲ ਵਿਚ ਮੈਂ ਕਦੇ ਅਸਤੀਫਾ ਨਹੀਂ ਦੇਣਾ ਚਾਹਾਂਗਾ। ਹਾਲਾਂਕਿ, ਮੇਰਾ ਮੰਨਣਾ ਹੈ ਕਿ ਅਗਵਾਈ ਦਾ ਇਕ ਮਹੱਤਵਪੂਰਨ ਹਿੱਸਾ ਸੰਗਠਨ ਦੇ ਹਿੱਤਾਂ ਨੂੰ ਸਭ ਤੋਂ ਉਪਰ ਰੱਖਣਾ ਹੈ।

ਉਨ੍ਹਾਂ ਨੇ ਇਹ ਅਹੁਦਾ 2013 ਵਿਚ ਸੰਭਾਲਿਆ ਸੀ। ਸਾਬਕਾ ਪੇਸ਼ਕਰਤਾ ਜਿੰਮੀ ਸੈਵਿਲੇ ਦੇ ਬ੍ਰਿਟੇਨ ਦੇ ਸਭ ਤੋਂ ਵੱਡੇ ਬਾਲ ਯੌਨ ਸ਼ੋਸ਼ਕਾਂ ਵਿਚ ਇਕ ਹੋਣ ਦਾ ਖੁਲਾਸਾ ਹੋਣ ਤੋਂ ਬਾਅਦ ਟੋਨੀ ਕੋਲ ਵਿਸ਼ਵ ਦੇ ਸਭ ਤੋਂ ਵੱਡੇ ਪ੍ਰਸਾਰਣ ਸੰਗਠਨ ਦੀ ਮਾਣ-ਮਰਿਆਦਾ ਬਹਾਲ ਕਰਨ ਦੀ ਜ਼ਿੰਮੇਵਾਰੀ ਸੀ ਪਰ ਬੀਬੀਸੀ ਨੂੰ ਪਿਛਲੇ ਹਫਤੇ ਆਈ ਬਰਾਬਰ ਤਨਖਾਹ ਦੇ ਹੁਕਮ ਤੋਂ ਇਕ ਵੱਡਾ ਝਟਕਾ ਲੱਗਾ ਹੈ, ਜਿਸ ਦੇ ਸਿੱਟੇ ਵਜੋਂ ਉਸ ਨੂੰ ਲੱਖਾਂ ਪੌਂਡ ਦੀ ਰਾਸ਼ੀ ਚੁਕਾਉਣੀ ਪੈ ਸਕਦੀ ਹੈ ਅਤੇ ਲਾਇਸੈਂਸ ਫੀਸ 'ਤੇ ਸਰਕਾਰ ਦੇ ਕੋਪਭਾਜਨ ਦਾ ਸ਼ਿਕਾਰ ਹੋਣਾ ਪੈ ਸਕਦਾ ਹੈ।

ਮੁਲਾਜ਼ਮ ਅਥਾਰਟੀ ਨੇ ਆਪਣੇ ਹੁਕਮ ਵਿਚ ਕਿਹਾ ਕਿ ਬੀਬੀਸੀ ਨੇ ਤਨਖਾਹ ਦੇਣ ਵਿਚ ਮਹਿਲਾ ਪੇਸ਼ਕਰਤਾ ਸਮੀਰਾ ਅਹਿਮਦ ਦੇ ਨਾਲ ਭੇਦਭਾਵ ਕੀਤਾ ਉਨ੍ਹਾਂ ਨੂੰ ਬਰਾਬਰ ਸ਼ੋਅ ਲਈ ਪੁਰਸ਼ ਪੇਸ਼ਕਰਤਾ ਜੇਰੇਮੀ ਵਾਈਨ ਦੀ ਤਨਖਾਹ ਦੇ ਮੁਕਾਬਲੇ 6ਵਾਂ ਹਿੱਸਾ ਹੀ ਦਿੱਤਾ ਗਿਆ। ਇਸ ਹੁਕਮ ਨਾਲ ਹੋਰ ਮੁਲਾਜ਼ਮਾਂ ਵਲੋਂ ਦਾਅਵਾ ਕੀਤੇ ਜਾਣ ਦਾ ਵੀ ਰਸਤਾ ਖੁੱਲ੍ਹ ਗਿਆ ਹੈ। ਬੀਬੀਸੀ ਨੂੰ ਬੋਰਿਸ ਜਾਨਸਨ ਦੀ ਅਗਵਾਈ ਵਾਲੀ ਬ੍ਰਿਟੇਨ ਦੀ ਨਵੀਂ ਸਰਕਾਰ ਵਲੋਂ ਵੀ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਨੇ ਇਸ 'ਤੇ ਆਮ ਚੋਣਾਂ ਦੌਰਾਨ ਭੇਦਭਾਵ ਪੂਰਨ ਰਿਪੋਰਟਿੰਗ ਕਰਨ ਦਾ ਦੋਸ਼ ਲਗਾਇਆ ਹੈ।


author

Sunny Mehra

Content Editor

Related News