TLP ਨਾਲ ਵਿਵਾਦ ਸੁਲਝਾਉਣ ਲਈ ਇਮਰਾਨ ਸਰਕਾਰ ਨੇ ਲਿਆ ਬਰੇਲਵੀ ਮੌਲਵੀਆਂ ਦਾ ਸਹਾਰਾ
Sunday, Oct 31, 2021 - 05:23 PM (IST)
ਇਸਲਾਮਾਬਾਦ– ਪਾਕਿਸਤਾਨ ’ਚ ਪਾਬੰਦੀਸ਼ੁਦਾ ਅੱਤਵਾਦੀ ਸਮੂਹ ਤਹਿਰੀਕ ਏ ਲੱਬੈਕ ਪਾਕਿਸਤਾਨ (ਟੀ.ਐੱਲ.ਪੀ.) ਕਾਰਨ ਦੇਸ਼ ਦੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਦੇਸ਼ ’ਚ ਟੀ.ਐੱਲ.ਪੀ. ਦੇ ਵਿਰੋਧ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਫੋਰਸ ਵਿਚਾਲੇ ਹੋਈ ਝੜਪ ’ਚ ਕਈ ਲੋਕਾਂ ਦੀ ਜਾਨ ਤਕ ਚਲੀ ਗਈ ਜਦਕਿ ਕਈ ਹੋਰ ਜ਼ਖਮੀ ਵੀ ਹੋ ਗਏ। ਇਨ੍ਹਾਂ ’ਚ ਪੁਲਸ ਮੁਲਾਜ਼ਮ ਵੀ ਸ਼ਾਮਲ ਸਨ। ਮੀਡੀਆ ਰਿਪੋਰਟ ਮੁਤਾਬਕ, ਇਨ੍ਹਾਂ ਹਲਾਤਾਂ ਦੇ ਮੱਦੇਨਜ਼ਰ ਹੁਣ ਟੀ.ਐੱਲ.ਪੀ. ਨੇ 12 ਮੈਂਬਰਾਂ ਦੀ ਇਕ ਕਮੇਟੀ ਬਣਾਈ ਹੈ ਜੋ ਇਮਰਾਨ ਖਾਨ ਦੀ ਸਰਕਾਰ ਅਤੇ ਇਸ ਸੰਗਠਨ ਵਿਚਾਲੇ ਸੁਲਾਹ ਦਾ ਰਸਤਾ ਲੱਭਣ ’ਚ ਅਹਿਮ ਭੂਮਿਕਾ ਨਿਭਾਏਗੀ। ਉਥੇ ਹੀ ਪ੍ਰਧਾਨ ਮੰਤਰੀ ਇਮਰਾਨ ਖਾਨ ਸਰਕਾਰ ਨੇ ਵੀ ਇਸ ਮੁੱਦੇ ’ਤੇ ਗੱਲਬਾਤ ਲਈ ਬਰੇਲਵੀ ਸਕੂਲ ਦੇ ਸੀਨੀਅਰ ਮੌਲਵੀਆਂ ਦੀ ਇਕ ਨਵੀਂ ਧਾਰਮਿਕ ਟੀਮ ਦਾ ਸਹਾਰਾ ਲਿਆ ਹੈ।
ਡਾਨ ਦੀ ਰਿਪੋਰਟ ਮੁਤਾਬਕ, ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਅਤੇ ਨੈਸ਼ਨਲ ਅਸੈਂਬਲੀ ਦੇ ਪ੍ਰਧਾਨ ਅਸਦ ਕੈਸਰ ਅਤੇ ਐੱਮ.ਐੱਨ.ਏ. ਅਲੀ ਮੁਹੰਮਦ ਖਾਨ ਦੀ ਅਗਵਾਈ ’ਚ ਨਵੀਂ ਵਾਰਤਾ ਟੀਮ ਨੇ ਟੀ.ਐੱਲ.ਪੀ. ਨੇਤਾਵਾਂ ਨਾਲ ਮੁਲਾਕਾਤ ਕੀਤੀ। ਮੌਲਵੀਆਂ ਦੇ ਵਫਤ ਦੀ ਅਗਵਾਈ ਧਾਰਮਿਕ ਮਾਮਲਿਆਂ ਦੇ ਮੰਤਰੀ ਪੀਰ ਨੂਰੁਲ ਹੱਕ ਕਾਦਰੀ ਨੇ ਕੀਤੀ। ਹਾਲਾਂਕਿ ਸੀਨੀਅਰ ਮੌਲਵੀਆਂ ਜਿਨ੍ਹਾਂ ’ਚੋਂ ਸਾਰੇ ਬਰੇਲਵੀ ਸਨ, ਨੇ ਬੈਠਕ ’ਚ ਹਾਫਿਜ਼ ਤਾਹਿਰ ਅਸ਼ਰਫੀ ਦੀ ਮੌਜੂਦਗੀ ’ਤੇ ਇਤਰਾਜ਼ ਜਤਾਇਆ ਅਤੇ ਬੈਠਕ ਛੱਡ ਕੇ ਚਲੇ ਗਏ। ਡਾਨ ਦੀ ਰਿਪੋਰਟ ਮੁਤਾਬਕ, ਦੇਰ ਰਾਤ ਜਾਰੀ ਆਪਣੇ ਦੂਜੇ ਮੰਗ ਪੱਤਰ ’ਚ ਟੀ.ਐੱਲ.ਪੀ. ਨੇ ਸਰਕਾਰ ਦੁਆਰਾ ਦਿੱਤੇ ਗਏ ਸਾਰੇ ਭਰੋਸਿਆਂ ਦਾ ਪਾਲਨ ਕਰਨ ਲਈ ਸਹਿਮਤੀ ਜ਼ਾਹਰ ਕੀਤੀ, ਜਿਸ ਵਿਚ ਵਜ਼ੀਰਾਬਾਦ ’ਚ ਮਾਰਚ ਨੂੰ ਰੋਕਣਾ ਵੀ ਸ਼ਾਮਲ ਹੈ।