ਪੈਦਾ ਹੋ ਸਕਦਾ ਸੀ ਵੱਡਾ ਖ਼ਤਰਾ ! US-UK ਸਣੇ 79 ਦੇਸ਼ਾਂ ਨੇ ਬਾਰਾਕਾਹ ਪਲਾਂਟ ''ਤੇ ਹੋਏ ਹਮਲੇ ਦੀ ਕੀਤੀ ਨਿੰਦਾ
Tuesday, Jun 16, 2026 - 10:16 AM (IST)
ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਜਾਰੀ ਤਣਾਅਪੂਰਨ ਮਾਹੌਲ ਵਿਚਾਲੇ ਕਈ ਦੇਸ਼ ਜੰਗ ਦੀ ਚਪੇਟ 'ਚ ਘਿਰੇ ਹੋਏ ਸਨ, ਜਦੋਂ ਕਈ ਨਿਊਕਲੀਅਰ ਪਲਾਂਟਾਂ ਨੂੰ ਵੀ ਨਿਸ਼ਾਨਾ ਬਣਾ ਕੇ ਹਮਲਾ ਗਿਆ ਸੀ। ਇਸੇ ਦੌਰਾਨ ਯੂ.ਏ.ਈ., ਅਮਰੀਕਾ, ਯੂਰਪੀਅਨ ਯੂਨੀਅਨ, ਬ੍ਰਿਟੇਨ, ਪਾਕਿਸਤਾਨ ਤੇ ਜਾਪਾਨ ਸਣੇ ਸਣੇ ਦੁਨੀਆ ਦੇ 79 ਦੇਸ਼ਾਂ ਨੇ ਇੱਕ ਸਾਂਝਾ ਬਿਆਨ ਜਾਰੀ ਕਰ ਕੇ ਯੂ.ਏ.ਈ. ਦੇ 'ਬਰਾਕਾਹ ਨਿਊਕਲੀਅਰ ਐਨਰਜੀ ਪਲਾਂਟ' ਨੇੜੇ ਹੋਏ ਡਰੋਨ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਇਸ ਦੇ ਨਾਲ ਹੀ ਦੁਨੀਆ ਭਰ 'ਚ ਸ਼ਾਂਤੀਪੂਰਨ ਉਦੇਸ਼ਾਂ ਲਈ ਵਰਤੇ ਜਾਣ ਵਾਲੇ ਪ੍ਰਮਾਣੂ ਪਲਾਂਟਾਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਗੰਭੀਰ ਚਿਤਾਵਨੀ ਜਾਰੀ ਕੀਤੀ ਗਈ ਹੈ।
ਇਹ ਡਰੋਨ ਹਮਲਾ 17 ਮਈ 2026 ਨੂੰ ਇਰਾਕ ਦੇ ਹਥਿਆਰਬੰਦ ਸੰਗਠਨਾਂ ਵੱਲੋਂ ਕੀਤਾ ਗਿਆ ਸੀ। ਇਨ੍ਹਾਂ ਡਰੋਨਾਂ ਨੇ ਬਰਾਕਾਹ ਪ੍ਰਮਾਣੂ ਪਲਾਂਟ ਦੇ ਅੰਦਰੂਨੀ ਇਲਾਕੇ ਤੋਂ ਬਾਹਰ ਸਥਿਤ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਸੀ, ਜਿਸ ਨਾਲ ਉੱਥੇ ਸਥਿਤ ਜਨਰੇਟਰ 'ਚ ਅੱਗ ਲੱਗ ਗਈ ਸੀ। ਹਾਲਾਂਕਿ, ਉਸ ਅੱਗ 'ਤੇ ਜਲਦੀ ਹੀ ਕਾਬੂ ਪਾ ਲਿਆ ਗਿਆ ਸੀ, ਪਰ ਨਿਊਕਲੀਅਰ ਪਲਾਂਟ 'ਤੇ ਹੋਏ ਇਸ ਹਮਲੇ ਨੇ ਇਲਾਕੇ 'ਚ ਰੇਡੀਏਸ਼ਨ ਲੀਕ ਦਾ ਖ਼ਤਰਾ ਪੈਦਾ ਕਰ ਦਿੱਤਾ ਸੀ।
ਹਾਲਾਂਕਿ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ (IAEA) ਦੇ ਮੁਖੀ ਰਾਫੇਲ ਗ੍ਰੋਸੀ ਅਤੇ ਯੂ.ਏ.ਈ. ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਪਲਾਂਟ ਦੇ ਰਿਐਕਟਰਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਅਤੇ ਖੇਤਰ 'ਚ ਕੋਈ ਰੇਡੀਏਸ਼ਨ ਲੀਕੇਜ ਨਹੀਂ ਹੋਈ। ਇਹ ਪਲਾਂਟ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਸਥਿਰ ਹੈ।
ਇਹ ਵੀ ਪੜ੍ਹੋ- ਸ਼ੁਕਰ ਆ, ਜੰਗ ਰੁਕੀ ! ਮੰਨ ਗਿਆ ਇਰਾਨ, ਜਾਣੋ ਕਿਹੜੀ-ਕਿਹੜੀ ਸ਼ਰਤ 'ਤੇ ਹੋਇਆ ਸਮਝੌਤਾ
79 ਦੇਸ਼ਾਂ ਵੱਲੋਂ ਜਾਰੀ ਕੀਤੇ ਗਏ ਇਸ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਪ੍ਰਮਾਣੂ ਪਲਾਂਟ ਵਰਗੇ ਨਾਗਰਿਕ ਬੁਨਿਆਦੀ ਢਾਂਚੇ 'ਤੇ ਹਮਲਾ ਕਰਨਾ ਕੌਮਾਂਤਰੀ ਕਾਨੂੰਨ ਅਤੇ ਸੰਯੁਕਤ ਰਾਸ਼ਟਰ (UN) ਦੇ ਚਾਰਟਰ ਦੀ ਸ਼ਰੇਆਮ ਉਲੰਘਣਾ ਹੈ। ਇਨ੍ਹਾਂ ਦੇਸ਼ਾਂ ਨੇ ਚਿਤਾਵਨੀ ਦਿੱਤੀ ਕਿ ਅਜਿਹੇ ਹਮਲਿਆਂ ਨਾਲ ਨਾਗਰਿਕਾਂ ਦੀ ਜਾਨ ਨੂੰ ਤਾਂ ਖ਼ਤਰਾ ਹੁੰਦਾ ਹੀ ਹੈ, ਸਗੋਂ ਜੇਕਰ ਕੋਈ ਵੱਡੀ ਦੁਰਘਟਨਾ ਹੋ ਜਾਂਦੀ ਤਾਂ ਇਸ ਦੇ ਆਬੋ-ਹਵਾ, ਮਨੁੱਖੀ ਅਤੇ ਸਰਹੱਦੋਂ ਪਾਰ ਰੇਡੀਏਸ਼ਨ ਵਰਗੇ ਗੰਭੀਰ ਖ਼ਤਰੇ ਪੈਦਾ ਹੋ ਸਕਦੇ ਸਨ।
ਇਨ੍ਹਾਂ ਦੇਸ਼ਾਂ ਨੇ ਮੰਗ ਕੀਤੀ ਹੈ ਕਿ ਯੂ.ਏ.ਈ. ਅਤੇ ਖ਼ਾਸ ਕਰ ਕੇ ਸ਼ਾਂਤੀਪੂਰਨ ਕੰਮਾਂ ਲਈ ਵਰਤੇ ਜਾਣ ਵਾਲੇ ਪ੍ਰਮਾਣੂ ਸਥਾਨਾਂ 'ਤੇ ਹਮਲੇ ਤੁਰੰਤ ਅਤੇ ਸਥਾਈ ਤੌਰ 'ਤੇ ਬੰਦ ਕੀਤੇ ਜਾਣ। ਉਨ੍ਹਾਂ ਸਾਰੇ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੀ ਧਰਤੀ ਦੀ ਵਰਤੋਂ ਗ਼ੈਰ-ਸਰਕਾਰੀ ਅਨਸਰ ਦੂਜੇ ਦੇਸ਼ਾਂ 'ਤੇ ਹਮਲੇ ਕਰਨ ਲਈ ਨਾ ਕਰਨ।
ਅੰਤਰਰਾਸ਼ਟਰੀ ਭਾਈਚਾਰੇ ਨੇ ਹਮਲੇ ਤੋਂ ਤੁਰੰਤ ਬਾਅਦ IAEA ਨੂੰ ਪੂਰੀ ਅਤੇ ਪਾਰਦਰਸ਼ੀ ਜਾਣਕਾਰੀ ਦੇਣ ਲਈ ਯੂ.ਏ.ਈ. ਸਰਕਾਰ ਦੀ ਤਾਰੀਫ਼ ਕੀਤੀ। IAEA ਦੇ ਮੁਖੀ ਨੇ ਕਿਹਾ ਕਿ ਬਰਾਕਾਹ ਪਲਾਂਟ ਨੇ ਇੱਕ ਤਰ੍ਹਾਂ ਨਾਲ 'ਅਗਨੀ ਪ੍ਰੀਖਿਆ' ਪਾਸ ਕੀਤੀ ਹੈ, ਜਿਸ ਨਾਲ ਇਹ ਸਾਬਤ ਹੁੰਦਾ ਹੈ ਕਿ ਯੂ.ਏ.ਈ. ਦੇ ਪ੍ਰਮਾਣੂ ਸੁਰੱਖਿਆ ਪ੍ਰਬੰਧ ਬਹੁਤ ਮਜ਼ਬੂਤ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
