ਬੰਗਲਾਦੇਸ਼ : ਸੰਸਦ ''ਤੇ ਹਮਲੇ ਦੀ ਯੋਜਨਾ ਬਣਾਉਣ ਦੇ ਦੋਸ਼ ''ਚ ਦੋ ਲੋਕ ਗ੍ਰਿਫਤਾਰ
Thursday, May 13, 2021 - 07:44 PM (IST)

ਢਾਕਾ-ਬੰਗਲਾਦੇਸ਼ 'ਚ ਅੱਤਵਾਦ ਰੋਕੂ ਪੁਲਸ ਨੇ ਸੰਸਦ 'ਤੇ ਹਮਲੇ ਦੀ ਯੋਜਨਾ ਬਣਾਉਣ ਅਤੇ ਇਸ 'ਚ ਹੋਰ ਲੋਕਾਂ ਨੂੰ ਸ਼ਾਮਲ ਹੋਣ ਲਈ ਉਕਸਾਉਣ ਦੇ ਦੋਸ਼ 'ਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ। ਮੀਡੀਆ 'ਚ ਆਈਆਂ ਖਬਰਾਂ 'ਚ ਇਹ ਜਾਣਕਾਰੀ ਦਿੱਤੀ ਗਈ। ਗ੍ਰਿਫਤਾਰ ਵਿਅਕਤੀਆਂ ਦੀ ਪਛਾਣ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਅੰਸਾਰ ਅਲ ਇਸਲਾਮ ਦੇ ਮੈਂਬਰ ਅਬੁ ਸਾਕਿਬ (22) ਅਤੇ ਕੱਟੜਪੰਥੀ ਅਲੀ ਹਸਨ ਓਸਾਮਾ ਦੇ ਤੌਰ 'ਤੇ ਕੀਤੀ ਗਈ ਹੈ।
ਸ਼ੁਰੂਆਤੀ ਜਾਂਚ ਮੁਤਾਬਕ, ਸਾਕਿਬ ਨੇ ਇਕ ਫੇਸਬੁੱਕ ਸਮੂਹ ਦੀ ਸ਼ੁਰੂਆਤ ਕੀਤੀ ਅਤੇ ਸੰਸਦ ਭਵਨ 'ਤੇ ਹਮਲੇ ਲਈ ਹਰ ਕਿਸੇ ਨੂੰ ਇਕ ਤਲਵਾਰ ਅਤੇ ਇਸਲਾਮਿਕ ਝੰਡੇ ਨਾਲ ਲਿਆਉਣ ਦੀ ਅਪੀਲ ਕੀਤੀ। ਫਿਲਹਾਲ, ਖਬਰ 'ਚ ਅੱਤਵਾਦ ਰੋਕੂ ਇਕਾਈ ਦੇ ਡਿਪਟੀ ਕਮਿਸ਼ਨਰ ਸੈਫੁਲ ਇਸਲਾਮ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਕਾਲਜ ਦੇ ਵਿਦਿਆਰਥੀ ਸਾਕਿਬ ਨੂੰ ਪੰਜ ਮਈ ਨੂੰ ਸੰਸਦ ਭਵਨ ਦੇ ਬਾਹਰੋਂ ਗ੍ਰਿਫਤਾਰ ਕੀਤਾ ਗਿਆ। ਉਸ 'ਤੇ ਤਲਵਾਰ ਅਤੇ ਕਾਲਾ ਝੰਡਾ ਰੱਖਣ ਦੇ ਦੋਸ਼ ਲਾਏ ਗਏ ਹਨ। ਖਬਰ 'ਚ ਦੱਸਿਆ ਗਿਆ ਕਿ ਓਸਾਮਾ ਨੂੰ 6 ਮਈ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਪੁਲਸ ਨੇ ਉਸ ਦੇ ਬਾਰੇ 'ਚ ਕੋਈ ਬਿਊਰੋ ਮੁਹੱਈਆ ਨਹੀਂ ਕਰਵਾਇਆ।