ਬੰਗਲਾਦੇਸ਼ੀ ਪੁਲਸ ਦਾ ਜਨਤਾ ਨੂੰ ਹੁਕਮ, 3 ਸਤੰਬਰ ਵਾਪਸ ਕਰੋ ਲੁੱਟੇ ਗਏ ਹਥਿਆਰ
Sunday, Sep 01, 2024 - 04:56 PM (IST)
ਢਾਕਾ : ਬੰਗਲਾਦੇਸ਼ ਪੁਲਸ ਨੇ ਐਤਵਾਰ ਨੂੰ ਦੇਸ਼ ਦੇ ਲੋਕਾਂ ਨੂੰ 3 ਸਤੰਬਰ ਤੱਕ ਤਾਜ਼ਾ ਹਿੰਸਾ ਦੌਰਾਨ ਪੁਲਸ ਥਾਣਿਆਂ ਤੋਂ ਲੁੱਟੇ ਗਏ ਸਾਰੇ ਹਥਿਆਰ ਅਤੇ ਗੋਲਾ ਬਾਰੂਦ ਵਾਪਸ ਕਰਨ ਦੇ ਹੁਕਮ ਦਿੱਤੇ ਹਨ। ਇਹ ਜਾਣਕਾਰੀ ਮੀਡੀਆ 'ਚ ਆਈ ਖਬਰ 'ਚ ਦਿੱਤੀ ਗਈ ਹੈ।
‘ਦਿ ਡੇਲੀ ਸਟਾਰ’ ਅਖਬਾਰ ਦੀ ਖਬਰ ਮੁਤਾਬਕ ਬੰਗਲਾਦੇਸ਼ ਵਿੱਚ ਹਾਲ ਹੀ ਵਿੱਚ ਹੋਏ ਰਾਖਵਾਂਕਰਨ ਵਿਰੋਧੀ ਅੰਦੋਲਨ ਦੌਰਾਨ ਦੇਸ਼ ਭਰ ਦੇ ਥਾਣਿਆਂ ਤੋਂ ਹਥਿਆਰ ਲੁੱਟੇ ਗਏ। ਪੁਲਸ ਹੈੱਡਕੁਆਰਟਰ ਨੇ ਇਕ ਨਿਰਦੇਸ਼ 'ਚ ਕਿਹਾ ਕਿ ਪੁਲਸ ਵੱਲੋਂ ਲੁੱਟੇ ਗਏ ਹਥਿਆਰ ਅਤੇ ਗੋਲਾ ਬਾਰੂਦ ਮੰਗਲਵਾਰ ਤੱਕ ਵਾਪਸ ਕਰ ਦਿੱਤਾ ਜਾਵੇ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸ਼ਨੀਵਾਰ ਤੱਕ, ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਹਾਲੀਆ ਹਿੰਸਾ ਦੌਰਾਨ ਪੁਲਸ ਸਟੇਸ਼ਨਾਂ ਅਤੇ ਦਫਤਰਾਂ ਤੋਂ ਲੁੱਟੇ ਗਏ ਵੱਖ-ਵੱਖ ਕਿਸਮਾਂ ਦੇ ਕੁੱਲ 3,872 ਹਥਿਆਰ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ 2,86,216 ਕਾਰਤੂਸ, 22,201 ਅੱਥਰੂ ਗੈਸ ਦੇ ਗੋਲੇ ਅਤੇ 2,139 ਗ੍ਰੇਨੇਡ ਵੀ ਬਰਾਮਦ ਕੀਤੇ ਗਏ ਹਨ।
ਪੁਲਸ ਦਾ ਹੁਕਮ ਅੰਤਰਿਮ ਸਰਕਾਰ ਦੇ ਉਸ ਫੈਸਲੇ ਤੋਂ ਬਾਅਦ ਆਇਆ ਹੈ ਜਿਸ ਵਿਚ ਉਸ ਨੇ ਸ਼ੇਖ ਹਸੀਨਾ ਦੀ ਅਗਵਾਈ ਵਾਲੀ ਅਵਾਮੀ ਲੀਗ ਸਰਕਾਰ ਦੇ 15 ਸਾਲਾਂ ਤੋਂ ਵੱਧ ਕਾਰਜਕਾਲ ਦੌਰਾਨ ਲੋਕਾਂ ਨੂੰ ਜਾਰੀ ਕੀਤੇ ਸਾਰੇ ਹਥਿਆਰਾਂ ਦੇ ਲਾਇਸੈਂਸਾਂ ਨੂੰ ਮੁਅੱਤਲ ਕਰਨ ਨੂੰ ਕਿਹਾ ਸੀ।