ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ''ਭੰਨ-ਤੋੜ, ਅੱਗਜ਼ਨੀ ਦੀਆਂ ਕੋਸ਼ਿਸ਼ਾਂ'' ''ਤੇ ਪ੍ਰਗਟਾਈ ਚਿੰਤਾ
Friday, Feb 07, 2025 - 01:03 PM (IST)
![ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ''ਭੰਨ-ਤੋੜ, ਅੱਗਜ਼ਨੀ ਦੀਆਂ ਕੋਸ਼ਿਸ਼ਾਂ'' ''ਤੇ ਪ੍ਰਗਟਾਈ ਚਿੰਤਾ](https://static.jagbani.com/multimedia/2025_2image_13_03_337227755bangladesh.jpg)
ਢਾਕਾ (ਏਜੰਸੀ)- ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਦੇਸ਼ ਭਰ ਵਿੱਚ "ਭੰਨ-ਤੋੜ ਅਤੇ ਅੱਗਜ਼ਨੀ ਦੀਆਂ ਕੋਸ਼ਿਸ਼ਾਂ" 'ਤੇ ਚਿੰਤਾ ਪ੍ਰਗਟ ਕੀਤੀ। ਇਸ ਤੋਂ ਪਹਿਲਾਂ ਅੰਤਰਿਮ ਸਰਕਾਰ ਨੇ ਗੱਦੀਓਂ ਲਾਹੀ ਗਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ "ਭੜਕਾਉ" ਭਾਸ਼ਣ ਨੂੰ "ਅਣਕਿਆਸੀ" ਹਿੰਸਾ ਨੂੰ ਭੜਕਾਉਣ ਲਈ ਜ਼ਿੰਮੇਵਾਰ ਠਹਿਰਾਇਆ ਸੀ। ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਦੀ ਪ੍ਰੈਸ ਸ਼ਾਖਾ ਨੇ ਵੀਰਵਾਰ ਨੂੰ ਇੱਕ ਨਵਾਂ ਬਿਆਨ ਜਾਰੀ ਕਰਦਿਆਂ ਕਿਹਾ, "ਅੰਤਰਿਮ ਸਰਕਾਰ ਇਸ ਗੱਲ 'ਤੇ ਡੂੰਘੀ ਚਿੰਤਾ ਪ੍ਰਗਟ ਕਰਦੀ ਹੈ ਕਿ ਕੁਝ ਲੋਕ ਅਤੇ ਸਮੂਹ ਦੇਸ਼ ਭਰ ਵਿੱਚ ਵੱਖ-ਵੱਖ ਸੰਸਥਾਵਾਂ ਅਤੇ ਅਦਾਰਿਆਂ ਨੂੰ ਤੋੜਨ ਅਤੇ ਅੱਗ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।"
ਬਿਆਨ ਵਿੱਚ ਕਿਹਾ ਗਿਆ ਹੈ, 'ਸਰਕਾਰ ਅਜਿਹੀਆਂ ਗਤੀਵਿਧੀਆਂ ਨੂੰ ਸਖ਼ਤੀ ਨਾਲ ਰੋਕੇਗੀ। ਅੰਤਰਿਮ ਸਰਕਾਰ ਨਾਗਰਿਕਾਂ ਦੇ ਜਾਨ-ਮਾਲ ਦੀ ਰਾਖੀ ਲਈ ਪੂਰੀ ਤਰ੍ਹਾਂ ਤਿਆਰ ਹੈ।' ਸਰਕਾਰ ਨੇ ਇਹ ਵੀ ਕਿਹਾ ਹੈ ਕਿ ਸਬੰਧਤ ਵਿਅਕਤੀਆਂ ਅਤੇ ਸੰਗਠਨਾਂ ਵਿਰੁੱਧ ਸਖ਼ਤ ਸਜ਼ਾਯੋਗ ਕਾਰਵਾਈ ਕੀਤੀ ਜਾਵੇਗੀ। ਮੁੱਖ ਸਲਾਹਕਾਰ ਯੂਨਸ ਦੀ ਪ੍ਰੈਸ ਸ਼ਾਖਾ ਵੱਲੋਂ ਇਹ ਬਿਆਨ ਅੰਤਰਿਮ ਸਰਕਾਰ ਵੱਲੋਂ ਇਹ ਕਹੇ ਜਾਣ ਤੇ ਕੁੱਝ ਘੰਟਿਆਂ ਬਾਅਦ ਜਾਰੀ ਕੀਤਾ ਕਿ ਬੰਗਲਾਦੇਸ਼ ਦੇ ਸੰਸਥਾਪਕ ਸ਼ੇਖ ਮੁਜੀਬੁਰ ਰਹਿਮਾਨ ਦੇ 32 ਧਾਨਮੰਡੀ ਘਰ ਨੂੰ ਢਾਹੁਣਾ ਅਣਇੱਛਤ ਸੀ ਪਰ ਅਜਿਹਾ ਗੱਦੀਓਂ ਲਾਹੀ ਗਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੁਆਰਾ ਭਾਰਤ ਤੋਂ ਕੱਢੇ ਗਏ ਭੜਕਾਊ ਭਾਸ਼ਣ ਕਾਰਨ ਹੋਇਆ।