ਬੰਗਲਾਦੇਸ਼ ਦੇ ਹਸਪਤਾਲ ''ਚ ਲੱਗੀ ਭਿਆਨਕ ਅੱਗ, 5 ਲੋਕਾਂ ਦੀ ਮੌਤ
Thursday, May 28, 2020 - 06:54 AM (IST)
ਢਾਕਾ- ਬੰਗਲਾਦੇਸ਼ ਦੇ ਗੁਲਸ਼ਨ ਬਾਜ਼ਾਰ ਇਲਾਕੇ ਵਿਚ ਇਕ ਹਸਪਤਾਲ ਦੀ ਕੋਵਿਡ-19 ਇਕਾਈ ਵਿਚ ਬੁੱਧਵਾਰ ਨੂੰ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਇਕ ਔਰਤ ਸਣੇ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ। ਸਥਾਨਕ ਸਮੇਂ ਮੁਤਾਬਕ ਰਾਤ 10 ਵਜੇ ਅੱਗ ਲੱਗੀ ਜਿਸ ਦੇ ਬਾਅਦ ਹਸਪਤਾਲ ਨੇ ਫਾਇਰ ਫਾਈਟਰਜ਼ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।
ਫਾਇਰ ਫਾਈਟਰਜ਼ ਸੇਵਾ ਦੇ ਸੰਚਾਲਨ ਨਿਰਦੇਸ਼ਕ ਲੈਫਟੀਨੈਂਟ ਕਰਨਲ ਜਿਲੁੱਰ ਰਹਿਮਾਨ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ 5 ਲਾਸ਼ਾਂ ਬਰਾਮਦ ਕੀਤੀਆਂ ਹਨ। ਮਰਨ ਵਾਲਿਆਂ ਵਿਚੋਂ 4 ਪੁਰਸ਼ ਤੇ ਇਕ ਔਰਤ ਸੀ। ਗੁਲਸ਼ਨ ਇਲਾਕੇ ਦੇ ਥਾਣਾ ਇੰਚਾਰਜ ਨੇ ਕਿਹਾ ਕਿ ਅੱਗ ਹੇਠਲੀ ਮੰਜ਼ਲ 'ਤੇ ਹਸਪਤਾਲ ਦੇ ਕੋਰੋਨਾ ਆਈਸੋਲੇਸ਼ਨ ਯੁਨਿਟ ਵਿਚ ਲੱਗੀ।
ਕੰਡੀਸ਼ਨਿੰਗ ਯੁਨਿਟ ਵਿਚ ਧਮਾਕੇ ਨਾਲ ਲੱਗੀ ਅੱਗ-
ਹਾਲਾਂਕਿ ਘਟਨਾ ਦਾ ਸਹੀ ਕਾਰਨ ਪਤਾ ਨਹੀਂ ਲੱਗ ਸਕਿਆ। ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਏਅਰ ਕੰਡੀਸ਼ਨਿੰਗ ਯੁਨਿਟ ਵਿਚ ਧਮਾਕੇ ਕਾਰਨ ਅੱਗ ਲੱਗੀ ਜੋ ਦੇਖਦੇ ਹੀ ਦੇਖਦੇ ਫੈਲ ਗਈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਅੱਗ ਬੁਝਾਉਣ ਦੇ ਪੂਰੇ ਪ੍ਰਬੰਧ ਨਹੀਂ ਸਨ। ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਦੇ ਹੁਕਮ ਦਿੱਤੇ ਗਏ ਹਨ। ਉੱਥੇ ਹੀ, ਇਸ ਤੋਂ ਪਹਿਲਾਂ ਫਰਵਰੀ 2019 ਵਿਚ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਇਕ ਭੀੜ ਵਾਲੇ ਇਲਾਕੇ ਵਿਚ ਅੱਗ ਲੱਗਣ ਦੀ ਘਟਨਾ ਵਿਚ ਘੱਟ ਤੋਂ ਘੱਟ 78 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਤਕਰੀਬਨ 40 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ।