ਬੰਗਲਾਦੇਸ਼ ਨੇ ਦੱਖਣ-ਪੂਰਬੀ ਪਹਾੜੀ ਜ਼ਿਲ੍ਹਿਆਂ ''ਚ ਸੈਰ-ਸਪਾਟੇ ''ਤੇ ਲਾ ਦਿੱਤੀ ਪਾਬੰਦੀ

Sunday, Oct 06, 2024 - 10:54 PM (IST)

ਬੰਗਲਾਦੇਸ਼ ਨੇ ਦੱਖਣ-ਪੂਰਬੀ ਪਹਾੜੀ ਜ਼ਿਲ੍ਹਿਆਂ ''ਚ ਸੈਰ-ਸਪਾਟੇ ''ਤੇ ਲਾ ਦਿੱਤੀ ਪਾਬੰਦੀ

ਢਾਕਾ : ਸਥਾਨਕ ਨਸਲੀ ਘੱਟ ਗਿਣਤੀ ਭਾਈਚਾਰਿਆਂ ਅਤੇ ਬੰਗਾਲੀ ਪ੍ਰਵਾਸੀਆਂ ਵਿਚਾਲੇ ਫਿਰਕੂ ਤਣਾਅ ਦੇ ਮੱਦੇਨਜ਼ਰ ਬੰਗਲਾਦੇਸ਼ ਨੇ ਐਤਵਾਰ ਨੂੰ ਤਿੰਨ ਦੱਖਣ-ਪੂਰਬੀ ਪਹਾੜੀ ਜ਼ਿਲ੍ਹਿਆਂ ਦੀ ਯਾਤਰਾ 'ਤੇ ਪਾਬੰਦੀ ਲਗਾ ਦਿੱਤੀ ਹੈ। ਫਿਰਕੂ ਤਣਾਅ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਭਾਰਤ ਅਤੇ ਮਿਆਂਮਾਰ ਦੀ ਸਰਹੱਦ ਨਾਲ ਲੱਗਦੇ ਤਿੰਨ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਜਾਂ ਪ੍ਰਸ਼ਾਸਨਿਕ ਮੁਖੀਆਂ ਨੇ ਸੈਲਾਨੀਆਂ ਨੂੰ 8 ਤੋਂ 31 ਅਕਤੂਬਰ ਤੱਕ ਚਟਗਾਂਗ ਪਹਾੜੀ ਟ੍ਰੈਕਟਸ (ਸੀਐੱਚਟੀ) ਨਾਮਕ ਖੇਤਰ ਦਾ ਦੌਰਾ ਨਾ ਕਰਨ ਦੀ ਬੇਨਤੀ ਕੀਤੀ। ਰੰਗਾਮਾਟੀ, ਖਾਗੜਾਛੜੀ ਅਤੇ ਬੰਦਰਬਨ ਪਹਾੜੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੇ ਬਿਆਨ ਜਾਰੀ ਕੀਤੇ, ਪਰ ਹੋਰ ਵੇਰਵੇ ਨਹੀਂ ਦਿੱਤੇ।

ਰੰਗਾਮਾਟੀ ਦੇ ਡਿਪਟੀ ਕਮਿਸ਼ਨਰ ਮੁਹੰਮਦ ਮੁਸ਼ੱਰਫ ਹੁਸੈਨ ਖਾਨ ਨੇ ਕਿਹਾ ਕਿ ਇਹ ਨਿਰਦੇਸ਼ ਸਾਰੇ ਤਿੰਨ ਪਹਾੜੀ ਜ਼ਿਲ੍ਹਿਆਂ 'ਤੇ ਲਾਗੂ ਹਨ, ਜੋ ਕਿ ਪ੍ਰਸਿੱਧ ਸੈਲਾਨੀ ਸਥਾਨ ਹਨ। ਪਿਛਲੇ ਮਹੀਨੇ ਖਾਗੜਾਚੜੀ ਜ਼ਿਲ੍ਹੇ ਵਿੱਚ ਮੋਟਰਸਾਈਕਲ ਚੋਰੀ ਦੀ ਘਟਨਾ ਨੂੰ ਲੈ ਕੇ ਭੀੜ ਵੱਲੋਂ ਇੱਕ ਬੰਗਾਲੀ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰ ਦੇਣ ਤੋਂ ਬਾਅਦ ਭੜਕੀ ਫਿਰਕੂ ਹਿੰਸਾ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ। ਨਸਲੀ ਘੱਟ ਗਿਣਤੀ ਜਾਂ ਕਬਾਇਲੀ ਸਮੂਹਾਂ ਨੇ ਤਿੰਨ ਪਹਾੜੀ ਜ਼ਿਲ੍ਹਿਆਂ ਵਿੱਚ ਇੱਕ ਅਸਥਾਈ ਨਾਕਾਬੰਦੀ ਲਗਾਈ, ਜਦੋਂ ਕਿ ਅਧਿਕਾਰੀਆਂ ਨੇ ਫੌਜ ਅਤੇ ਪੁਲਸ ਦੁਆਰਾ ਵਾਧੂ ਨਿਗਰਾਨੀ ਦੇ ਆਦੇਸ਼ ਦਿੱਤੇ ਅਤੇ ਰੈਲੀਆਂ 'ਤੇ ਪਾਬੰਦੀ ਲਗਾ ਦਿੱਤੀ। ਮੁਹੰਮਦ ਯੂਨਸ ਦੀ ਅੰਤਰਿਮ ਸਰਕਾਰ ਨੇ ਇਸ ਖੇਤਰ 'ਚ ਹਿੰਸਾ ਭੜਕਾਉਣ ਦੀਆਂ ਕਿਸੇ ਵੀ ਕੋਸ਼ਿਸ਼ਾਂ ਵਿਰੁੱਧ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ, ਜੋ 1997 ਵਿੱਚ ਸ਼ਾਂਤੀ ਸਮਝੌਤੇ 'ਤੇ ਹਸਤਾਖਰ ਕੀਤੇ ਜਾਣ ਤੋਂ ਪਹਿਲਾਂ ਦੋ ਦਹਾਕਿਆਂ ਤੱਕ ਬਗਾਵਤ ਨਾਲ ਪ੍ਰਭਾਵਿਤ ਸੀ।


author

Baljit Singh

Content Editor

Related News