ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁੱਖ ਸੂਚਨਾ ਸਲਾਹਕਾਰ ਦਾ ਅਸਤੀਫਾ
Wednesday, Feb 26, 2025 - 10:28 AM (IST)

ਢਾਕਾ (ਏਜੰਸੀ)- ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਸੂਚਨਾ ਸਲਾਹਕਾਰ ਅਤੇ ਵਿਦਿਆਰਥੀ ਅੰਦੋਲਨ ਦੇ ਪ੍ਰਮੁੱਖ ਨੇਤਾਵਾਂ ’ਚੋਂ ਇਕ ਨਾਹਿਦ ਇਸਲਾਮ ਨੇ ਮੰਗਲਵਾਰ ਨੂੰ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ। ਸ਼ੇਖ ਹਸੀਨਾ ਦੀ ਅਗਵਾਈ ਵਾਲੀ ਅਵਾਮੀ ਲੀਗ ਸਰਕਾਰ ਨੂੰ ਡੇਗਣ ’ਚ ਨਾਹਿਦ ਨੇ ਅਹਿਮ ਭੂਮਿਕਾ ਨਿਭਾਈ ਸੀ।
ਇਸਲਾਮ ਨੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੂੰ ਆਪਣਾ ਅਸਤੀਫਾ ਸੌਂਪਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ’ਚ ਕਿਹਾ ਕਿ ਦੇਸ਼ ’ਚ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਨਵੀਂ ਸਿਆਸੀ ਤਾਕਤ ਦਾ ਉਭਾਰ ਜ਼ਰੂਰੀ ਹੈ। ਮੈਂ ਲੋਕ ਲਹਿਰ ਨੂੰ ਮਜ਼ਬੂਤ ਕਰਨ ਲਈ ਸੜਕਾਂ 'ਤੇ ਬਣੇ ਰਹਿਣ ਲਈ ਸਲਾਹਕਾਰ ਕੌਂਸਲ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਸ਼ੇਖ ਹਸੀਨਾ ਦੀ ਅਗਵਾਈ ਵਾਲੀ ਅਵਾਮੀ ਲੀਗ ਸਰਕਾਰ ਨੂੰ ਡੇਗਣ ਵਾਲੇ ਜੁਲਾਈ ਵਿਦਰੋਹ ਦੇ ਮੁੱਖ ਸੰਯੋਜਕਾਂ ਵਿਚੋਂ ਇਕ ਨਾਹਿਦ ਨੇ ਕਿਹਾ ਕਿ ਸਰਕਾਰ ਵਿਚ ਬਣੇ ਰਹਿਣ ਦੀ ਤੁਲਨਾ ਵਿਚ ਸੜਕ 'ਤੇ ਉਨ੍ਹਾਂ ਦੀ ਭੂਮਿਕਾ ਜ਼ਿਆਦਾ ਮਹੱਤਵਪੂਰਨ ਜਾਪਦੀ ਹੈ। ਉਨ੍ਹਾਂ ਕਿਹਾ ਕਿ ਉਹ ਲੋਕਤੰਤਰੀ ਤਬਦੀਲੀ ਲਈ ਲੋਕਾਂ ਦੀਆਂ ਇੱਛਾਵਾਂ ਲਈ ਕੰਮ ਕਰਨਾ ਚਾਹੁੰਦੇ ਹਨ ਅਤੇ ਇਸ ਲਈ ਉਨ੍ਹਾਂ ਨੇ ਸਲਾਹਕਾਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।