ਬੰਗਲਾਦੇਸ਼ ''ਚ ਹਿੰਦੂ ਵਪਾਰੀ ਦਾ ਬੇਰਹਿਮੀ ਨਾਲ ਕਤਲ, ਲੁੱਟ ਮਗਰੋਂ ਲਾਸ਼ ਦੁਕਾਨ ''ਚ ਸੁੱਟ ਲਾ''ਤਾ ਸ਼ਟਰ
Tuesday, Feb 10, 2026 - 06:00 PM (IST)
ਢਾਕਾ: ਬੰਗਲਾਦੇਸ਼ ਦੇ ਮਯਮਨਸਿੰਘ ਜ਼ਿਲ੍ਹੇ ਵਿੱਚ ਇੱਕ ਬੇਹੱਦ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ 62 ਸਾਲਾ ਹਿੰਦੂ ਵਪਾਰੀ ਸੁਸੈਨ ਚੰਦਰ ਸਰਕਾਰ ਦੀ ਉਨ੍ਹਾਂ ਦੀ ਆਪਣੀ ਦੁਕਾਨ ਦੇ ਅੰਦਰ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ ਗਈ। ਇਹ ਖੌਫਨਾਕ ਵਾਰਦਾਤ ਤ੍ਰਿਸ਼ਾਲ ਉਪਜ਼ਿਲੇ ਦੇ ਬੋਗਰ ਬਾਜ਼ਾਰ ਚੌਰਾਹੇ 'ਤੇ ਸੋਮਵਾਰ ਰਾਤ ਨੂੰ ਵਾਪਰੀ।
ਸਥਾਨਕ ਪੁਲਸ ਮੁਖੀ ਮੁਹੰਮਦ ਫਿਰੋਜ਼ ਹੁਸੈਨ ਅਨੁਸਾਰ, ਸੁਸੈਨ ਚੰਦਰ ਸਰਕਾਰ ਸਾਊਥਕੰਡਾ ਪਿੰਡ ਦੇ ਨਿਵਾਸੀ ਸਨ ਅਤੇ "ਭਾਈ ਭਾਈ ਐਂਟਰਪ੍ਰਾਈਜ਼" ਨਾਮ ਦੀ ਦੁਕਾਨ ਦੇ ਮਾਲਕ ਸਨ। ਹਮਲਾਵਰਾਂ ਨੇ ਉਨ੍ਹਾਂ 'ਤੇ ਹਮਲਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਖੂਨ ਨਾਲ ਲੱਥਪੱਥ ਹਾਲਤ ਵਿੱਚ ਦੁਕਾਨ ਅੰਦਰ ਛੱਡ ਦਿੱਤਾ ਅਤੇ ਬਾਹਰੋਂ ਸ਼ਟਰ ਬੰਦ ਕਰਕੇ ਫਰਾਰ ਹੋ ਗਏ। ਜਦੋਂ ਕਾਫੀ ਦੇਰ ਤੱਕ ਸੁਸੈਨ ਘਰ ਨਹੀਂ ਪਹੁੰਚੇ ਤਾਂ ਪਰਿਵਾਰ ਨੇ ਤਲਾਸ਼ ਸ਼ੁਰੂ ਕੀਤੀ ਅਤੇ ਦੁਕਾਨ ਦਾ ਸ਼ਟਰ ਖੋਲ੍ਹਣ 'ਤੇ ਉਨ੍ਹਾਂ ਨੂੰ ਇਸ ਖੂਨੀ ਵਾਰਦਾਤ ਦਾ ਪਤਾ ਲੱਗਾ। ਉਨ੍ਹਾਂ ਨੂੰ ਤੁਰੰਤ ਮਯਮਨਸਿੰਘ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਦੇ ਪੁੱਤਰ ਸੁਜਾਨ ਸਰਕਾਰ ਨੇ ਦੱਸਿਆ ਕਿ ਉਨ੍ਹਾਂ ਦਾ ਚੌਲਾਂ ਦਾ ਪੁਰਾਣਾ ਕਾਰੋਬਾਰ ਹੈ ਅਤੇ ਉਨ੍ਹਾਂ ਦੀ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ। ਉਨ੍ਹਾਂ ਦੋਸ਼ ਲਾਇਆ ਕਿ ਅਪਰਾਧੀਆਂ ਨੇ ਉਨ੍ਹਾਂ ਦੇ ਪਿਤਾ ਦਾ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਦੁਕਾਨ ਵਿੱਚੋਂ ਕਈ ਲੱਖ ਟਕਾ ਲੁੱਟ ਲਏ ਹਨ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਾਤਲਾਂ ਦੀ ਜਲਦੀ ਪਛਾਣ ਕਰਕੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।
ਗੌਰਤਲਬ ਹੈ ਕਿ ਬੰਗਲਾਦੇਸ਼ ਵਿੱਚ 12 ਫਰਵਰੀ ਨੂੰ ਹੋਣ ਵਾਲੀਆਂ ਸੰਸਦੀ ਚੋਣਾਂ ਤੋਂ ਪਹਿਲਾਂ ਘੱਟ ਗਿਣਤੀ ਹਿੰਦੂ ਭਾਈਚਾਰੇ ਵਿਰੁੱਧ ਹਿੰਸਾ ਦੀਆਂ ਘਟਨਾਵਾਂ ਵਿੱਚ ਭਾਰੀ ਵਾਧਾ ਹੋਇਆ ਹੈ। 'ਬੰਗਲਾਦੇਸ਼ ਹਿੰਦੂ ਬੌਧ ਈਸਾਈ ਏਕਤਾ ਪ੍ਰੀਸ਼ਦ' ਨੇ ਚਿੰਤਾ ਪ੍ਰਗਟਾਈ ਹੈ ਕਿ ਦੇਸ਼ ਵਿੱਚ ਫਿਰਕੂ ਹਿੰਸਾ ਖ਼ਤਰਨਾਕ ਦਰ ਨਾਲ ਵਧ ਰਹੀ ਹੈ। ਪ੍ਰੀਸ਼ਦ ਅਨੁਸਾਰ, ਇਕੱਲੇ ਦਸੰਬਰ 2025 ਵਿੱਚ ਹੀ ਹਿੰਸਾ ਦੀਆਂ 51 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। 2022 ਦੀ ਮਰਦਮਸ਼ੁਮਾਰੀ ਅਨੁਸਾਰ ਬੰਗਲਾਦੇਸ਼ ਵਿੱਚ ਹਿੰਦੂਆਂ ਦੀ ਆਬਾਦੀ ਲਗਭਗ 1.31 ਕਰੋੜ ਹੈ, ਜੋ ਕੁੱਲ ਆਬਾਦੀ ਦਾ 7.95 ਫੀਸਦੀ ਬਣਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
