ਬੰਗਲਾਦੇਸ਼ ''ਚ ਕੋਰੋਨਾ ਪੀੜਤਾਂ ਦੀ ਗਿਣਤੀ 100,000 ਦੇ ਪਾਰ
Thursday, Jun 18, 2020 - 05:17 PM (IST)

ਢਾਕਾ (ਭਾਸ਼ਾ) : ਬੰਗਲਾਦੇਸ਼ ਵਿਚ ਬੀਤੇ 24 ਘੰਟਿਆਂ ਵਿਚ ਕੋਵਿਡ-19 ਦੇ 3,803 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਵੀਰਵਾਰ ਨੂੰ ਪੀੜਤਾਂ ਦੀ ਗਿਣਤੀ 100,000 ਦੇ ਪਾਰ ਚੱਲੀ ਗਈ। ਸਿਹਤ ਡਾਇਰੈਕਟੋਰੇਟ ਅਨੁਸਾਰ 38 ਲੋਕਾਂ ਦੀ ਮੌਤ ਦੇ ਬਾਅਦ ਕੋਰੋਨਾ ਵਾਇਰਸ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 1,343 ਹੋ ਗਈ ਹੈ।
ਢਾਕਾ ਟ੍ਰਿਬਿਊਨ ਨੇ ਵੀਰਵਾਰ ਨੂੰ ਸਿਹਤ ਸੇਵਾ ਡਾਇਰੈਕਟੋਰੇਟ (ਡੀ.ਜੀ.ਐਚ.ਐਸ.) ਦੀ ਵਧੀਕ ਡਾਇਰੈਕਟਰ ਜਨਰਲ ਨਸੀਮਾ ਸੁਲਤਾਨਾ ਦੇ ਹਵਾਲੇ ਤੋਂ ਕਿਹਾ ਕਿ ਬੰਗਲਾਦੇਸ਼ ਵਿਚ ਕੋਰੋਨਾ ਵਾਇਰਸ ਦੇ ਕੁੱਲ ਮਰੀਜ਼ਾਂ ਦੀ ਗਿਣਤੀ 102,292 ਹੈ। ਉਨ੍ਹਾਂ ਦੱਸਿਆ ਕਿ ਬੁੱਧਵਾਰ ਅਤੇ ਵੀਰਵਾਰ ਨੂੰ 17,349 ਨਮੂਨੇ ਇਕੱਠੇ ਕੀਤੇ ਗਏ। ਇਨ੍ਹਾਂ ਵਿਚੋਂ 16,259 ਨਮੂਨਿਆਂ ਦੀ ਦੇਸ਼ ਭਰ ਦੀਆਂ ਅਧਿਕਾਰਤ ਪ੍ਰਯੋਗਸ਼ਾਲਾਵਾਂ ਵਿਚ ਜਾਂਚ ਕੀਤੀ ਗਈ, ਜਿਸ ਵਿਚ 3,803 ਨਮੂਨੇ ਇਨਫੈਕਟਡ ਪਾਏ ਗਏ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕੁੱਲ 567,503 ਲੋਕਾਂ ਦੀ ਜਾਂਚ ਕੀਤੀ ਗਈ ਹੈ। ਬੰਗਲਾਦੇਸ਼ ਵਿਚ ਕੋਵਿਡ-19 ਤੋਂ ਠੀਕ ਹੋਣ ਵਾਲੇ ਲੋਕਾਂ ਦੀ ਦਰ 39.26 ਫ਼ੀਸਦੀ, ਜਦੋਂਕਿ ਮੌਤ ਦਰ 1.31 ਫ਼ੀਸਦੀ ਹੈ।