ਅਜੀਬ ਮਾਮਲਾ : ਬੱਚਾ ਹੋਣ ਦੇ 26 ਦਿਨ ਬਾਅਦ ਮਹਿਲਾ ਨੇ ਦਿੱਤਾ ਜੁੜਵਾਂ ਨੂੰ ਜਨਮ

Friday, Mar 29, 2019 - 11:55 AM (IST)

ਅਜੀਬ ਮਾਮਲਾ : ਬੱਚਾ ਹੋਣ ਦੇ 26 ਦਿਨ ਬਾਅਦ ਮਹਿਲਾ ਨੇ ਦਿੱਤਾ ਜੁੜਵਾਂ ਨੂੰ ਜਨਮ

ਢਾਕਾ (ਬਿਊਰੋ)— ਕੁਦਰਤ ਵਿਚ ਵਾਪਰਨ ਵਾਲੀਆਂ ਘਟਨਾਵਾਂ ਅਕਸਰ ਵਿਗਿਆਨੀਆਂ ਨੂੰ ਹੈਰਾਨ ਕਰ ਦਿੰਦੀਆਂ ਹਨ। ਅਜਿਹੀ ਹੀ ਹੈਰਾਨ ਕਰ ਦੇਣ ਵਾਲੀ ਘਟਨਾ ਬੰਗਲਾਦੇਸ਼ ਵਿਚ ਵਾਪਰੀ। ਇੱਥੇ 20 ਸਾਲ ਦੀ ਮਹਿਲਾ ਨੇ ਇਕ ਮਹੀਨੇ ਦੇ ਅੰਦਰ ਤਿੰਨ ਬੱਚਿਆਂ ਨੂੰ ਜਨਮ ਦਿੱਤਾ। ਪਹਿਲੇ ਬੱਚੇ ਨੂੰ ਜਨਮ ਦੇਣ ਦੇ 26 ਦਿਨ ਬਾਅਦ ਮਹਿਲਾ ਨੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ। ਮੈਡੀਕਲ ਇਤਿਹਾਸ ਵਿਚ ਇਸ ਨੂੰ ਬਹੁਤ ਦੁਰਲੱਭ ਘਟਨਾ ਮੰਨਿਆ ਜਾ ਰਿਹਾ ਹੈ।

ਇਕ ਸਮਾਚਾਰ ਏਜੰਸੀ ਦੀ ਵੈਬਸਾਈਟ ਮੁਤਾਬਕ ਜੇਸੋਰ ਜ਼ਿਲੇ ਦੀ ਸ਼ਾਮਲਗਾਛੀ ਵਸਨੀਕ ਆਰਿਫ ਸੁਲਤਾਨਾ ਇਤੀ ਨੇ 25 ਫਰਵਰੀ ਨੂੰ ਖੁਲਨਾ ਮੈਡੀਕਲ ਕਾਲਜ ਹਸਪਤਾਲ ਵਿਚ ਪ੍ਰੀਮੈਚਓਰ ਬੱਚੇ ਨੂੰ ਜਨਮ ਦਿੱਤਾ। ਬੱਚਾ ਮੁੰਡਾ ਹੈ ਅਤੇ ਡਿਲੀਵਰੀ ਵੀ ਨੌਰਮਲ ਹੋਈ ਸੀ। ਇਸ ਦੇ ਬਾਅਦ 22 ਮਾਰਚ ਨੂੰ ਉਹ ਬੀਮਾਰ ਪੈ ਗਈ। ਉਸ ਨੂੰ ਜੇਸੋਰ ਨੇ ਅਦ ਦੀਨ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਇੱਥੇ ਉਸ ਨੇ ਸਰਜਰੀ ਜ਼ਰੀਏ ਜੁੜਵਾਂ ਬੱਚਿਆਂ (ਮੁੰਡਾ ਤੇ ਕੁੜੀ) ਨੂੰ ਜਨਮ ਦਿੱਤਾ।

ਹਸਪਤਾਲ ਦੀ ਮਹਿਲਾ ਰੋਗ ਵਿਭਾਗ ਦੀ ਪ੍ਰਮੁੱਖ ਸ਼ੈਲਾ ਪੋਦਾਰ ਨੇ ਇਤੀ ਦਾ ਇਲਾਜ ਕੀਤਾ ਸੀ। ਉਨ੍ਹਾਂ ਨੇ ਦੱਸਿਆ,''ਅਲਟਰਾ ਸੋਨੋਗ੍ਰਾਫੀ ਤੋਂ ਪਤਾ ਚੱਲਿਆ ਕਿ ਇਤੀ ਦੀਆਂ ਦੋ ਬੱਚੇਦਾਨੀਆਂ ਹਨ। ਇਕ ਬੱਚੇਦਾਨੀ ਤੋਂ ਪਹਿਲੇ ਬੱਚੇ ਦਾ ਜਨਮ ਹੋਇਆ ਜਦਕਿ ਦੂਜੀ ਬੱਚੇਦਾਨੀ ਤੋਂ ਜੁੜਵਾਂ ਬੱਚਿਆਂ ਦਾ ਜਨਮ ਹੋਇਆ। ਮਾਂ ਅਤੇ ਬੱਚੇ ਪੂਰੀ ਤਰ੍ਹਾਂ ਸਿਹਤਮੰਦ ਹਨ।'' ਵੈਬਸਾਈਟ ਤੋਂ ਪੋਦਾਰ ਨੇ ਦੱਸਿਆ,''ਇਹ ਬਹੁਤ ਦੁਰਲੱਭ ਮਾਮਲਾ ਹੈ। ਮੈਂ ਆਪਣੀ ਜ਼ਿੰਦਗੀ ਵਿਚ ਪਹਿਲਾਂ ਅਜਿਹਾ ਕੋਈ ਮਾਮਲਾ ਨਾ ਦੇਖਿਆ ਹੈ ਅਤੇ ਨਾ ਹੀ ਸੁਣਿਆ ਹੈ।''

ਉੱਧਰ ਆਰਿਫਾ ਦੇ ਪਤੀ ਸੁਮੋਨ ਨੇ ਸਮਾਚਾਰ ਏਜੰਸੀ ਨੂੰ ਦੱਸਿਆ,''ਮੈਂ ਮਜ਼ਦੂਰੀ ਕਰ ਕੇ ਮਹੀਨੇ ਵਿਚ ਸਿਰਫ 6,000 ਹੀ ਕਮਾ ਪਾਉਂਦਾ ਹਾਂ। ਮੈਨੂੰ ਨਹੀਂ ਪਤਾ ਕਿ ਇੰਨੇ ਥੋੜ੍ਹੇ ਪੈਸਿਆਂ ਵਿਚ ਅਸੀਂ ਆਪਣੀ ਇਸ ਜ਼ਿੰਮੇਵਾਰੀ ਨੂੰ ਕਿਵੇਂ ਨਿਭਾਵਾਂਗੇ। ਭਾਵੇਂਕਿ ਮੇਰੀ ਇਹ ਕੋਸ਼ਿਸ਼ ਹੋਵੇਗੀ ਕਿ ਮੈਂ ਤਿੰਨੇ ਬੱਚਿਆਂ ਦੀ ਦੇਖਭਾਲ ਚੰਗੀ ਤਰ੍ਹਾਂ ਕਰ ਸਕਾਂ।''


author

Vandana

Content Editor

Related News