ਬੰਗਲਾਦੇਸ਼ ਨੇ ਮਨਾਇਆ 49ਵਾਂ ਵਿਜੈ ਦਿਵਸ, ਭਾਰਤੀ ਫੌਜ ਦੀ ਬੈਂਡ ਟੁਕੜੀ ਹੋਈ ਸ਼ਾਮਲ

Monday, Dec 16, 2019 - 05:28 PM (IST)

ਬੰਗਲਾਦੇਸ਼ ਨੇ ਮਨਾਇਆ 49ਵਾਂ ਵਿਜੈ ਦਿਵਸ, ਭਾਰਤੀ ਫੌਜ ਦੀ ਬੈਂਡ ਟੁਕੜੀ ਹੋਈ ਸ਼ਾਮਲ

ਢਾਕਾ (ਭਾਸ਼ਾ): ਬੰਗਲਾਦੇਸ਼ ਨੇ ਸੋਮਵਾਰ ਨੂੰ 49ਵਾਂ ਵਿਜੈ ਦਿਵਸ ਮਨਾਇਆ, ਜੋ ਪਾਕਿਸਤਾਨ ਤੋਂ ਆਜ਼ਾਦੀ ਦੀ ਯਾਦ ਵਿਚ ਮਨਾਇਆ ਜਾਂਦਾ ਹੈ। ਇਸ ਮੌਕੇ 'ਤੇ ਆਯੋਜਿਤ ਸ਼ਾਨਦਾਰ ਪਰੇਡ ਵਿਚ ਬੰਗਲਾਦੇਸ਼ ਨੇ ਆਪਣੀ ਮਿਲਟਰੀ ਤਾਕਤ ਅਤੇ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ। ਪਹਿਲੀ ਵਾਰ ਇਸ ਪਰੇਡ ਵਿਚ ਭਾਰਤੀ ਫੌਜ ਦੀ ਬੈਂਡ ਟੁਕੜੀ ਵੀ ਸ਼ਾਮਲ ਹੋਈ। ਪਰੇਡ ਦੇਖਣ ਲਈ ਰਾਸ਼ਟਰਪਤੀ ਐੱਮ. ਅਬਦੁੱਲ ਹਮੀਦ, ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਨਾਲ ਮੰਤਰੀ, ਡਿਪਲੋਮੈਟ ਅਤੇ ਹੋਰ ਪਤਵੰਤੇ ਮੌਜੂਦ ਸਨ।

PunjabKesari

ਭਾਰਤੀ ਫੌਜ ਦੀ ਬੈਂਡ ਟੁਕੜੀ ਦੀ ਪਰੇਡ ਦੇਖ ਰਹੇ ਲੋਕਾਂ ਨੇ ਜ਼ੋਰਦਾਰ ਸਵਾਗਤ ਕੀਤਾ। ਭਾਰਤੀ ਟੁਕੜੀ ''ਸਾਰੇ ਜਹਾਂ ਸੇ ਅੱਛਾ'' ਧੁਨ ਵਜਾ ਰਹੀ ਸੀ। ਇਸ ਦੌਰਾਨ ਘੋਸ਼ਣਾ ਕਰਤਾ ਨੇ 1971 ਦੇ ਬੰਗਲਾਦੇਸ਼ ਮੁਕਤੀ ਸੰਗਰਾਮ ਵਿਚ ਭਾਰਤ ਦੇ ਯੋਗਦਾਨ ਦੀ ਜਾਣਕਾਰੀ ਦਿੱਤੀ। ਪਰੇਡ ਮੈਦਾਨ ਵਿਚ ਰਾਸ਼ਟਰੀ ਕੈਡਿਟ ਕੋਰ (ਐੱਨ.ਸੀ.ਸੀ.) ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਰਾਜੀਵ ਚੋਪੜਾ ਦੇ ਨਾਲ ਐੱਨ.ਸੀ.ਸੀ. ਦੇ 20 ਭਾਰਤੀ ਵਿਦਿਆਰਥੀਆਂ ਦਾ ਵਫਦ ਵੀ ਦਰਸ਼ਕ ਗੈਲਰੀ ਵਿਚ ਮੌਜੂਦ ਰਿਹਾ। ਮਹਿਮਾਨਾਂ ਵਿਚ ਬੰਗਲਾਦੇਸ਼ ਵਿਚ ਭਾਰਤੀ ਹਾਈ ਕਮਿਸ਼ਨਰ ਰੀਵਾ ਗਾਂਗੁਲੀ ਦਾਸ ਵੀ ਸ਼ਾਮਲ ਸੀ।

PunjabKesari

ਰਾਸ਼ਟਰਪਤੀ ਹਾਮਿਦ ਨੇ ਪਰੇਡ ਦੀ ਸਲਾਮੀ ਲਈ। ਖੁੱਲ੍ਹੀ ਜੀਪ 'ਤੇ ਸਵਾਰ ਹੋ ਕੇ ਰਾਸ਼ਟਰਪਤੀ ਨੇ ਪਰੇਡ ਕਮਾਂਡਰ ਮੇਜਰ ਜਨਰਲ ਮੁਹੰਮਦ ਅਕਬਰ ਹੁਸੈਨ ਦੇ ਨਾਲ ਵਿਜੈ ਪਰੇਡ ਦਾ ਨਿਰੀਖਣ ਕੀਤਾ। ਗੌਰਤਲਬ ਹੈ ਕਿ ਇਸੇ ਦਿਨ 1971 ਵਿਚ ਲੈਫਟੀਨੈਂਟ ਜਨਰਲ ਅਮਿਰ ਅਬਦੁੱਲਾ ਖਾਨ ਨਿਆਜ਼ੀ ਦੀ ਅਗਵਾਈ ਵਿਚ 93,000 ਪਾਕਿਸਤਾਨੀ ਜਵਾਨਾਂ ਨੇ ਢਾਕਾ ਵਿਚ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਦੀ ਕਮਾਨ ਵਿਚ ਭਾਰਤੀ ਫੌਜ ਦੇ ਸਾਹਮਣੇ ਆਤਮ ਸਮਰਪਣ ਕੀਤਾ ਸੀ ਅਤੇ ਉਸ ਸਮੇਂ ਦੇ ਪੂਰਬੀ ਪਾਕਿਸਤਾਨ ਨੂੰ ਆਜ਼ਾਦ ਬੰਗਲਾਦੇਸ਼ ਐਲ਼ਾਨਿਆ ਗਿਆ ਸੀ।


author

Vandana

Content Editor

Related News