ਮੰਦਰਾਂ ''ਚ ਕੈਨੇਡੀਅਨ ਨੇਤਾਵਾਂ ਦੀ ਐਂਟਰੀ ''ਤੇ ਰੋਕ, ਖਾਲਿ.ਸਤਾਨੀਆਂ ਦੇ ਹਮਲੇ ਤੋਂ ਬਾਅਦ ਹਿੰਦੂ ਸੰਗਠਨਾਂ ਦੇ ਸਖਤ ਹੁਕਮ
Monday, Nov 04, 2024 - 11:52 PM (IST)
ਇੰਟਰਨੈਸ਼ਨਲ ਡੈਸਕ : ਕੈਨੇਡਾ ਦੇ ਬਰੈਂਪਟਨ ਸ਼ਹਿਰ 'ਚ ਖਾਲਿਸਤਾਨੀ ਕੱਟੜਪੰਥੀਆਂ ਵਲੋਂ ਹਿੰਦੂ ਮੰਦਰਾਂ 'ਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਕੈਨੇਡੀਅਨ ਨੈਸ਼ਨਲ ਕੌਂਸਲ ਆਫ ਹਿੰਦੂਜ਼ (ਸੀ.ਐੱਨ.ਸੀ.ਐਚ.) ਨੇ ਇਕ ਅਹਿਮ ਕਦਮ ਚੁੱਕਿਆ ਹੈ। ਇਸ ਕੌਂਸਲ ਨੇ ਵੱਡਾ ਫੈਸਲਾ ਲੈਂਦਿਆਂ ਖਾਲਿਸਤਾਨੀ ਅੱਤਵਾਦੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਨੇਤਾਵਾਂ ਦੇ ਮੰਦਰਾਂ 'ਚ ਜਾਣ 'ਤੇ ਪਾਬੰਦੀ
CNCH ਨੇ ਐਲਾਨ ਕੀਤਾ ਹੈ ਕਿ ਕੈਨੇਡਾ ਵਿੱਚ ਸਾਰੇ ਨੇਤਾਵਾਂ ਨੂੰ ਸਿਆਸੀ ਉਦੇਸ਼ਾਂ ਲਈ ਹਿੰਦੂ ਮੰਦਰਾਂ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਹ ਪਾਬੰਦੀ ਉਦੋਂ ਤੱਕ ਲਾਗੂ ਰਹੇਗੀ ਜਦੋਂ ਤੱਕ ਖਾਲਿਸਤਾਨੀ ਅਨਸਰਾਂ ਵਿਰੁੱਧ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਮੰਦਰਾਂ ਦੀ ਸੁਰੱਖਿਆ ਨੂੰ ਮਜ਼ਬੂਤ ਨਹੀਂ ਕੀਤਾ ਜਾਂਦਾ। ਹਾਲਾਂਕਿ, ਨੇਤਾਵਾਂ ਨੂੰ ਸ਼ਰਧਾਲੂਆਂ ਦੇ ਤੌਰ 'ਤੇ ਮੰਦਰ ਜਾਣ ਦੀ ਆਗਿਆ ਹੋਵੇਗੀ।
ਬਰੈਂਪਟਨ ਵਿੱਚ ਹਿੰਸਕ ਘਟਨਾ
CNCH ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਬਰੈਂਪਟਨ ਵਿੱਚ ਗੋਰ ਰੋਡ 'ਤੇ ਇੱਕ ਹਿੰਦੂ ਮੰਦਰ ਨੂੰ ਖਾਲਿਸਤਾਨ ਪੱਖੀ ਪ੍ਰਦਰਸ਼ਨਕਾਰੀਆਂ ਨੇ ਨਿਸ਼ਾਨਾ ਬਣਾਇਆ ਸੀ। ਇਸ ਹਿੰਸਕ ਘਟਨਾ ਨੇ ਕੈਨੇਡਾ ਦੇ ਹਿੰਦੂ ਭਾਈਚਾਰੇ ਵਿੱਚ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। ਰਿਪੋਰਟਾਂ ਮੁਤਾਬਕ ਮੰਦਰ ਦੇ ਮੁੱਖ ਗੇਟ 'ਤੇ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੇ ਜ਼ਬਰਦਸਤੀ ਇਮਾਰਤ 'ਚ ਦਾਖਲ ਹੋ ਕੇ ਮੰਦਰ ਦੇ ਮੈਂਬਰਾਂ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਭਾਈਚਾਰੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਹਿੰਦੂ ਕੈਨੇਡੀਅਨਾਂ ਨੂੰ ਬਣਾਇਆ ਗਿਆ ਨਿਸ਼ਾਨਾ
ਇਹ ਹਮਲਾ ਖਾਸ ਤੌਰ 'ਤੇ ਹਿੰਦੂ ਕੈਨੇਡੀਅਨਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਹੈ। ਇਹ ਹਿੰਦੂਆਂ ਉੱਤੇ ਖਤਰਨਾਕ ਹਮਲਿਆਂ ਦੀ ਇੱਕ ਹੋਰ ਲੜੀ ਹੈ। ਹਿੰਦੂ ਧਰਮ ਅਸਥਾਨਾਂ ਦੀ ਸੁਰੱਖਿਆ ਨੂੰ ਲੈ ਕੇ ਵਾਰ-ਵਾਰ ਆਵਾਜ਼ ਉਠਾਈ ਗਈ ਪਰ ਨੇਤਾਵਾਂ ਨੇ ਇਸ ਵਧ ਰਹੀ ਦੁਸ਼ਮਣੀ ਨੂੰ ਰੋਕਣ ਲਈ ਅਜੇ ਤੱਕ ਠੋਸ ਕਦਮ ਨਹੀਂ ਚੁੱਕੇ।
CNCH ਅਤੇ ਹਿੰਦੂ ਫੈਡਰੇਸ਼ਨ ਦਾ ਫੈਸਲਾ
ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਸੀ.ਐਨ.ਸੀ.ਐਚ. ਅਤੇ ਹਿੰਦੂ ਫੈਡਰੇਸ਼ਨ ਨੇ ਮੰਦਰਾਂ ਅਤੇ ਹਿੰਦੂ ਐਡਵੋਕੇਸੀ ਗਰੁੱਪਾਂ ਦੇ ਸਹਿਯੋਗ ਨਾਲ ਇਹ ਫੈਸਲਾ ਬਰੈਂਪਟਨ ਵਿੱਚ ਵਾਪਰੀ ਘਟਨਾ ਤੋਂ ਬਾਅਦ ਲਿਆ ਹੈ। ਕੈਨੇਡਾ ਭਰ ਦੇ ਹਿੰਦੂ ਮੰਦਰ ਹੁਣ ਸਿਆਸਤਦਾਨਾਂ ਨੂੰ ਆਪਣੀਆਂ ਸਹੂਲਤਾਂ ਦੀ ਵਰਤੋਂ ਸਿਆਸੀ ਉਦੇਸ਼ਾਂ ਲਈ ਨਹੀਂ ਕਰਨ ਦੇਣਗੇ। ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਣ, ਉਹ ਸ਼ਰਧਾਲੂ ਬਣ ਕੇ ਆ ਸਕਦੇ ਹਨ ਪਰ ਜਦੋਂ ਤੱਕ ਉਹ ਖਾਲਿਸਤਾਨੀ ਕੱਟੜਵਾਦ ਵਿਰੁੱਧ ਠੋਸ ਕਦਮ ਨਹੀਂ ਚੁੱਕਦੇ, ਉਦੋਂ ਤੱਕ ਉਨ੍ਹਾਂ ਨੂੰ ਮੰਦਰ ਦੇ ਚਬੁਤਰੇ 'ਤੇ ਪਹੁੰਚ ਨਹੀਂ ਮਿਲੇਗੀ।