ਪਾਕਿਸਤਾਨ ਤੋਂ ਆਜ਼ਾਦ ਹੋਣ ਲਈ ਸਾਂਝਾ ਮੋਰਚਾ ਬਣਾਉਣਗੇ ਬਲੋਚ ਤੇ ਸਿੰਧੀ ਸੰਗਠਨ
Monday, Jul 27, 2020 - 03:10 PM (IST)

ਇਸਲਾਮਾਬਾਦ- ਪਾਕਿਸਤਾਨੀ ਕਬਜ਼ੇ ਅਤੇ ਫੌਜ ਦੇ ਅੱਤਿਆਚਾਰਾਂ ਖਿਲਾਫ ਲੜਨ ਲਈ ਆਜ਼ਾਦੀ ਸਮਰਥਕ ਬਲੂਚ ਅਤੇ ਸਿੰਧੀ ਸੰਗਠਨਾਂ ਨੇ ਸਾਂਝਾ ਮੋਰਚਾ ਬਣਾਉਣ ਦਾ ਫੈਸਲਾ ਕੀਤਾ ਹੈ। ਬਲੋਚ ਸੂਬਾ ਅਜੋਈ ਸੰਗਰ (ਬਰਾਸ) ਦੇ ਬੁਲਾਰੇ ਬਲੂਚ ਖਾਨ ਨੇ ਇਕ ਬਿਆਨ ਵਿਚ ਕਿਹਾ ਕਿ ਬਰਾਸ ਦੇ ਮੈਂਬਰ ਸੰਗਠਨਾਂ ਅਤੇ ਆਜ਼ਾਦੀ ਸਮਰਥਕ ਸਿੰਧੀ ਸੰਗਠਨ ਸਿੰਧੂਦੇਸ਼ ਰੈਵੋਲਿਊਸ਼ਨਰੀ ਆਰਮੀ ਦੇ ਪ੍ਰਤੀਨਿਧੀਆਂ ਦੀ ਇਕ ਅਣਪਛਾਤੇ ਥਾਂ 'ਤੇ ਬੈਠਕ ਹੋਈ।
ਬੈਠਕ ਵਿਚ ਖੇਤਰ ਦੇ ਮੌਜੂਦਾ ਹਾਲਾਤ 'ਤੇ ਚਰਚਾ ਹੋਈ ਅਤੇ ਬਲੋਚਿਸਤਾਨ ਤੇ ਸਿੰਧ ਨੂੰ ਪਾਕਿਸਤਾਨ ਦੇ ਕਬਜ਼ੇ ਤੋਂ ਮੁਕਤ ਕਰਾਉਣ ਲਈ ਸੰਯੁਕਤ ਮੋਰਚਾ ਬਣਾਉਣ ਦੀ ਘੋਸ਼ਣਾ ਕੀਤੀ ਗਈ। ਬਰਾਸ ਵਿਚ ਬਲੋਚ ਲਿਬਰੇਸ਼ਨ ਆਰਮੀ ਫਰੰਟ, ਬਲੋਚ ਰੀਪਬਲਿਕਨ ਆਰਮੀ ਅਤੇ ਬਲੋਚ ਰੀਪਬਲਿਕਨ ਗਾਰਡ ਸੰਗਠਨ ਸ਼ਾਮਲ ਹੈ। ਬੈਠਕ ਵਿਚ ਸ਼ਾਮਲ ਹੋਣ ਵਾਲਿਆਂ ਨੇ ਸਹਿਮਤੀ ਪ੍ਰਗਟ ਕੀਤੀ ਕਿ ਸਿੰਧੀ ਅਤੇ ਬਲੋਚ ਰਾਸ਼ਟਰ ਵਿਚਕਾਰ ਹਜ਼ਾਰਾਂ ਸਾਲਾਂ ਤੋਂ ਰਾਜਨੀਤਕ, ਇਤਿਹਾਸਕ ਤੇ ਸੱਭਿਆਚਾਰਕ ਸੰਬੰਧ ਰਹੇ ਹਨ। ਵਰਤਮਾਨ ਵਿਚ ਦੋਹਾਂ ਰਾਸ਼ਟਰਾਂ ਦਾ ਉਦੇਸ਼ ਪਾਕਿਸਤਾਨ ਤੋਂ ਆਜ਼ਾਦੀ ਪਾਉਣਾ ਹੈ ਤੇ ਦੋਵੇਂ ਪਾਕਿਸਤਾਨੀ ਸੂਬੇ ਪੰਜਾਬ ਨੂੰ ਆਪਣਾ ਦੁਸ਼ਮਣ ਮੰਨਦੇ ਹਨ। ਬੈਠਕ ਵਿਚ ਕਿਹਾ ਗਿਆ ਹੈ ਕਿ ਇਹ ਸਮੇਂ ਦੀ ਮੰਗ ਹੈ ਕਿ ਦੋਵੇਂ ਗੁਆਂਢੀ ਰਾਸ਼ਟਰ ਸਾਂਝਾ ਮੋਰਚਾ ਬਣਾਉਣ।
ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਤੇ ਚੀਨ ਆਪਣੇ ਨਾਜਾਇਜ਼ ਰਾਜਨੀਤਕ, ਆਰਥਿਕ ਤੇ ਫੌਜੀ ਹਿੱਤਾਂ ਨੂੰ ਪੂਰਾ ਕਰਨ ਲਈ ਸਿੰਧ ਅਤੇ ਬਲੋਚਿਸਤਾਨ 'ਤੇ ਕਬਜ਼ਾ ਕਰਕੇ ਬਾਦੀਨ ਤੋਂ ਗਵਾਦਰ ਤਕ ਦੇ ਤਟਾਂ ਅਤੇ ਸਰੋਤਾਂ ਨੂੰ ਹਾਸਲ ਕਰਨਾ ਚਾਹੁੰਦੇ ਹਨ।