ਬੈਲਰੈਟ ਦੀਵਾਲੀ ਮੇਲੇ ''ਚ ਗਾਇਕੀ ਤੇ ਲੋਕ ਨਾਚਾਂ ਦਾ ਰੰਗ, ਨਾਮਵਰ ਸ਼ਖ਼ਸੀਅਤਾਂ ਨੇ ਭਰੀ ਹਾਜ਼ਰੀ
Monday, Oct 26, 2026 - 04:07 PM (IST)
ਮੈਲਬੌਰਨ (ਮਨਦੀਪ ਸਿੰਘ ਸੈਣੀ) - ਸੱਭਿਆਚਾਰਕ ਸਾਂਝ ਅਤੇ ਤਿਉਹਾਰਾਂ ਦੀਆਂ ਰੌਣਕਾਂ ਪਰਦੇਸਾਂ ਵਿੱਚ ਵੱਸਦੇ ਭਾਈਚਾਰੇ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਦਾ ਵੱਡਾ ਸਾਧਨ ਬਣਦੀਆਂ ਹਨ। ਇਸੇ ਲੜੀ ਤਹਿਤ ਮੈਲਬੌਰਨ ਦੇ ਗੁਆਂਢੀ ਸ਼ਹਿਰ ਬੈਲਰੈਟ ਦੇ ਸ਼ੋਅਗਰਾਊਂਡ ਵਿਖੇ ਬੀਤੇ ਸ਼ਨੀਵਾਰ ਨੂੰ ‘ਫੋਕ ਐਂਡ ਰੌਕਸ ਮਿਊਜ਼ਿਕ ਐਂਡ ਡਾਂਸ ਅਕੈਡਮੀ' ਵਲੋਂ ਕਰਵਾਇਆ ਗਿਆ ਦੀਵਾਲੀ ਮੇਲਾ ਯਾਦਗਾਰੀ ਹੋ ਨਿੱਬੜਿਆ। ਇਸ ਵਿਸ਼ੇਸ਼ ਸਮਾਗਮ ਵਿੱਚ ਬੈਲਰੈਟ ਸਮੇਤ ਨਾਲ ਲੱਗਦੇ ਇਲਾਕਿਆਂ ਅਤੇ ਦੂਰ-ਦੁਰਾਡੇ ਤੋਂ ਵੱਡੀ ਗਿਣਤੀ ਵਿੱਚ ਲੋਕ ਆਪਣੇ ਪਰਿਵਾਰਾਂ ਨਾਲ ਪਹੁੰਚੇ ਅਤੇ ਦਿਨ ਭਰ ਚੱਲੇ ਰੰਗਾਰੰਗ ਪ੍ਰੋਗਰਾਮਾਂ ਦਾ ਭਰਪੂਰ ਆਨੰਦ ਮਾਣਿਆ।

ਸਮਾਗਮ ਦੌਰਾਨ ਗੀਤ-ਸੰਗੀਤ ਦੀਆਂ ਤਾਨਾਂ ਅਤੇ ਢੋਲ ਦੀ ਥਾਪ ਨੇ ਪੂਰੇ ਮਾਹੌਲ ਨੂੰ ਖੁਸ਼ਗੁਆਰ ਬਣਾ ਦਿੱਤਾ। ਮੇਲੇ ਦੀ ਮੁੱਖ ਖਿੱਚ ਪ੍ਰਸਿੱਧ ਗਾਇਕ ਮਾਸਟਰ ਸਲੀਮ, ਹਰਦੇਵ ਮਾਹੀਨੰਗਲ ਅਤੇ ਸਰਦਾਰ ਅਲੀ ਦੀਆਂ ਬਿਹਤਰੀਨ ਪੇਸ਼ਕਾਰੀਆਂ ਰਹੀਆਂ। ਤਿੰਨਾਂ ਕਲਾਕਾਰਾਂ ਨੇ ਆਪਣੇ ਨਵੇਂ-ਪੁਰਾਣੇ ਚਰਚਿਤ ਗੀਤਾਂ ਨਾਲ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ। ਇਸ ਤੋਂ ਇਲਾਵਾ ਫੋਕ ਐਂਡ ਰੌਕਸ ਅਕੈਡਮੀ ਦੇ ਬੱਚਿਆਂ ਤੇ ਨੌਜਵਾਨਾਂ ਨੇ ਭੰਗੜੇ ਅਤੇ 'ਢੋਲ ਫਿਊਜ਼ਨ' ਰਾਹੀਂ ਵੱਖਰਾ ਉਤਸ਼ਾਹ ਭਰਿਆ, ਜਦਕਿ 'ਭੰਗੜਾ ਰੂਟਸ' ਗਰੁੱਪ ਵਲੋਂ ਮਲਵਈ ਗਿੱਧੇ, ਲਾਈਵ ਗਿੱਧੇ ਅਤੇ ਭੰਗੜੇ ਰਾਹੀਂ ਪੰਜਾਬੀ ਲੋਕ ਨਾਚਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਭੁਪਿੰਦਰ ਸਿੰਘ ਤੇ ਮਾਹੀ ਦੇ ਸੋਲੋ ਗੀਤਾਂ ਤੋਂ ਇਲਾਵਾ ਡਾ. ਪਰਦੁਸ਼ ਦੀ ਅਗਵਾਈ ਹੇਠ ਦੱਖਣ ਭਾਰਤੀ ਭਾਈਚਾਰੇ, ਡਾਂਸ ਮੇਕਰ ਅਤੇ ਬਾਲੀਵੁੱਡ ਗਰੁੱਪ ਦੀਆਂ ਪੇਸ਼ਕਾਰੀਆਂ ਨੇ ਮੇਲੇ ਦੇ ਰੰਗ ਨੂੰ ਹੋਰ ਗੂੜ੍ਹਾ ਕੀਤਾ।

ਪੜ੍ਹੋ ਇਹ ਅਹਿਮ ਖ਼ਬਰ- ਇਮਰਾਨ ਖਾਨ ਦੀਆਂ ਭੈਣਾਂ 'ਤੇ ਪੰਜਾਬ ਸਰਕਾਰ ਹੋਈ ਸਖ਼ਤ ! ਕਰ'ਤਾ ਇਹ ਐਲਾਨ
ਪ੍ਰੋਗਰਾਮ 'ਚ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸੰਦੀਪ ਜੋਸ਼ਨ ਅਤੇ ਦਲਜੀਤ ਸਿੱਧੂ ਨੇ ਬਾਖ਼ੂਬੀ ਨਿਭਾਈ।ਮੰਚੀ ਪ੍ਰੋਗਰਾਮਾਂ ਦੇ ਨਾਲ-ਨਾਲ ਸਮਾਗਮ ਵਿੱਚ ਵਿੰਟੇਜ ਗੱਡੀਆਂ ਅਤੇ ਮੋਟਰਸਾਈਕਲਾਂ ਦਾ 'ਕਾਰ ਤੇ ਬਾਈਕ ਸ਼ੋਅ' ਵੀ ਵਿਸ਼ੇਸ਼ ਆਕਰਸ਼ਨ ਦਾ ਕੇਂਦਰ ਬਣਿਆ। ਪਰਿਵਾਰਾਂ ਅਤੇ ਬੱਚਿਆਂ ਦੇ ਮਨੋਰੰਜਨ ਲਈ ਝੂਲਿਆਂ ਅਤੇ ਖਾਣ-ਪੀਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਸਮਾਗਮ ਵਿੱਚ ਸਥਾਨਕ ਅਤੇ ਰਾਜਸੀ ਖੇਤਰ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਵੀ ਹਾਜ਼ਰੀ ਲਵਾਈ, ਜਿਨ੍ਹਾਂ ਵਿੱਚ ਲੇਬਰ ਪਾਰਟੀ ਤੋਂ ਸੰਸਦ ਮੈਂਬਰ ਮਾਰਥਾ ਹੈਲੇਟ, ਕੈਥਰੀਨ ਕਿੰਗ ਅਤੇ ਜੂਲੀਆਨਾ ਐਡੀਸਨ ਸ਼ਾਮਲ ਸਨ। ਲਿਬਰਲ ਪਾਰਟੀ ਵੱਲੋਂ ਐਮ.ਪੀ. ਜੋ ਮੈਕਕ੍ਰੈਕਨ, ਉਮੀਦਵਾਰ ਮੇਗਨ ਰੀਡ, ਐਮਾ ਮਿਊਰ, ਗੈਵਿਨ ਰੋਨਨ ਅਤੇ ਗ੍ਰਾਹਮ ਵਾਟ ਪਹੁੰਚੇ। ਇਸ ਤੋਂ ਇਲਾਵਾ ਬੈਲਰੈਟ ਸਿਟੀ ਕੌਂਸਲਰ ਜੇ ਮੌਰਿਸਨ, ਕੌਂਸਲਰ ਡੇਮਨ ਸਾਂਡਰਜ਼, ਗ੍ਰੇਟਰ ਬੈਂਡੀਗੋ ਕੌਂਸਲਰ ਸ਼ਿਵਾਲੀ ਚੈਟਲੀ, ਨੈਸ਼ਨਲਜ਼ ਉਮੀਦਵਾਰ ਜੋ ਆਰਮਸਟ੍ਰੌਂਗ ਅਤੇ ਅਰਾਰਟ ਦੀ ਡਿਪਟੀ ਮੇਅਰ ਤਲਵਿੰਦਰ ਕੌਰ ਟੈਲੀ ਵੀ ਸ਼ਾਮਲ ਹੋਏ।
ਸਮਾਗਮ ਦੇ ਅੰਤ ਵਿੱਚ ਮੁੱਖ ਪ੍ਰਬੰਧਕ ਸੁਲਤਾਨ ਢਿੱਲੋਂ, ਬਿਕਰਮ ਬਰਾੜ, ਗੁਰਮੇਜ ਸਿੰਘ, ਹਰਪ੍ਰੀਤ ਸਿੰਘ ਅਤੇ ਮਨਪ੍ਰੀਤ ਕੌਰ ਸਮੇਤ ਸਮੁੱਚੀ ਟੀਮ ਨੇ ਪਹੁੰਚੇ ਹੋਏ ਸਾਰੇ ਮਹਿਮਾਨਾਂ, ਦਰਸ਼ਕਾਂ ਅਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੰਗਤ ਦੇ ਭਰਵੇਂ ਸਹਿਯੋਗ ਅਤੇ ਉਤਸ਼ਾਹ ਸਦਕਾ ਹੀ ਇਹ ਮੇਲਾ ਸਫ਼ਲਤਾਪੂਰਵਕ ਨੇਪਰੇ ਚੜ੍ਹਿਆ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਸੱਭਿਆਚਾਰਕ ਉਪਰਾਲੇ ਜਾਰੀ ਰੱਖੇ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
